ਪਟਿਆਲਾ : #PunjabiUniversity ਪਟਿਆਲਾ ਦੇ ਫੈਕਲਟੀ ਡਿਵੈਲਪਮੈਂਟ ਕੇਂਦਰ ਵੱਲੋਂ ਅਧਿਆਪਕਾਂ ਲਈ ਸੱਤ ਦਿਨ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਨਲਾਈਨ ਮੋਡ ਰਾਹੀਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ 'ਪੈਡਾਗੋਜੀਕਲ ਅਤੇ ਰਿਸਰਚ ਸਕਿੱਲਜ' ਦਾ ਏਕੀਕਰਨ ਕਰਨ ਬਾਰੇ ਵਿਚਾਰ ਚਰਚਾ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਰਾਜਾਂ ਜਿਵੇਂ ਕਿ ਕੇਰਲਾ, ਮੱਧ ਪ੍ਰਦੇਸ਼, ਦਿੱਲੀ, ਕੁਰੂਕਸ਼ੇਤਰ, ਪੰਜਾਬ ਅਤੇ ਮਹਾਰਾਸ਼ਟਰ ਦੇ 16 ਮਾਹਿਰਾਂ ਨੇ 'ਪੈਡਾਗੋਜੀਕਲ ਅਤੇ ਰਿਸਰਚ ਸਕਿੱਲ' ਦੇ ਵੱਖ- ਵੱਖ ਪਹਿਲੂਆਂ ਉੱਤੇ ਆਪਣੇ ਵਿਚਾਰ ਰੱਖੇ ਅਤੇ ਪ੍ਰੈਕਟੀਕਲ ਵਿਧੀਆਂ ਰਾਹੀਂ ਭਾਗੀਦਾਰਾਂ ਨੂੰ ਵਿਵਹਾਰਿਕ ਪੱਖੋਂ ਜਾਣੂੰ ਕਰਵਾਇਆ।
ਇਸ ਵਿੱਚ ਪੰਜਾਬ, ਹਰਿਆਣਾ, ਜੰਮੂ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਵਿੱਦਿਅਕ ਸੰਸਥਾਵਾਂ ਤੋਂ 38 ਭਾਗੀਦਾਰਾਂ ਨੇ ਹਿੱਸਾ ਲਿਆ। ਇਹ ਸੱਤ ਦਿਨਾ ਪ੍ਰੋਗਰਾਮ ਬਹੁਤ ਹੀ ਸੰਗਿਠਤ ਰੂਪ ਵਿੱਚ 21 ਸੈਸ਼ਨਾਂ ਰਾਹੀਂ ਪੂਰਾ ਹੋਇਆ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਡਾ. ਗਗਨਦੀਪ ਥਾਪਾ ਨੇ ਸਭ ਦਾ ਸਵਾਗਤ ਕੀਤਾ।
ਪ੍ਰੋ. ਸਾਧਨਾ ਸਕਸੈਨਾ ਜੋ ਕਿ ਦਿੱਲੀ ਯੂਨੀਵਰਸਿਟੀ ਦੇ ਸਿਖਿਆ ਦੇ ਖੇਤਰ ਵਿੱਚ ਮਾਹਿਰ ਹਨ, ਨੇ ਕਿਹਾ ਕਿ ਪੈਡਾਗੋਜੀ ਸਿਖਿਆਰਥੀ ਕੇਂਦਰਿਤ ਹੋਣੀ ਚਾਹੀਦੀ ਹੈ। ਪ੍ਰੋਜੈਕਟ ਕੋਆਰਡੀਨੇਟਰ ਪ੍ਰੋ. ਜਸਰਾਜ ਕੌਰ ਵੱਲੋਂ ਇਸ ਪ੍ਰੋਗਰਾਮ ਦੇ ਵੱਖ- ਵੱਖ ਪਹਿਲੂਆਂ ਬਾਰੇ ਜਾਣੂ ਕਰਵਾਇਆ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਫੈਕਲਟੀ ਡਿਵੈਲਪਮੈਂਟ ਕੇਂਦਰ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ। ਓਹਨਾ ਨੇ ਕਿਹਾ ਕਿ ਵਿਦਿਅਕ ਅਤੇ ਖੋਜ ਦੇ ਹੁਨਰ ਨੂੰ ਏਕੀਕ੍ਰਿਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅਧੁਨਿਕ ਸਮੇਂ ਵਿੱਚ ਵਿੱਦਿਆ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ। ਓਹਨਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਪ੍ਰੋਗਰਾਮ ਵਿੱਚ ਅਧਿਆਪਕਾਂ ਨੂੰ ਵਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਡਾ. ਜਗਪ੍ਰੀਤ ਕੌਰ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ।