ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਅਰੰਭੀ 'ਮੇਰੀ ਮਿੱਟੀ ਮੇਰਾ ਦੇਸ਼' ਮੁਹਿੰਮ ਨੂੰ ਮੁੱਖ ਰੱਖਦਿਆਂ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ 'ਮਿੱਟੀ ਕੋ ਨਮਨ ਵੀਰੋਂ ਕਾ ਵੰਦਨ' ਪ੍ਰੋਗਰਾਮ ਕੀਤੇ ਗਏ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਕੱਢੀ ਜਾ ਰਹੀ ਅੰਮ੍ਰਿਤ ਕਲਸ਼ ਯਾਤਰਾ ਰਾਹੀਂ ਦੇਸ਼ ਭਰ ਵਿੱਚੋਂ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਰਾਜਧਾਨੀ ਦਿੱਲੀ ਵਿਖੇ ਨੈਸ਼ਨਲ ਵਾਰ ਮੈਮੋਰੀਅਲ ਦੇ ਨੇੜੇ ਅੰਮ੍ਰਿਤ ਬਗੀਚੀ ਵਿਖੇ ਪੁੱਜੇਗੀ। ਇਹ ਅੰਮ੍ਰਿਤ ਬਗੀਚੀ ਸੁਤੰਤਰਤਾ, ਏਕਤਾ ਤੇ ਅਖੰਡਤਾ ਵਿੱਚ ਯੋਗਦਾਨ ਪਾਉਣ ਵਾਲੇ ਨਾਇਕਾਂ ਨੂੰ ਸਮਰਪਿਤ ਹੋਵੇਗੀ ਅਤੇ ਇੱਥੇ ਅੰਮ੍ਰਿਤ ਮਹਾਂਉਤਸਵ ਸਮਾਰਕ ਬਣੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਬੀ.ਡੀ.ਪੀ.ਓ ਭੁੱਨਰਹੇੜੀ ਮਨਦੀਪ ਸਿੰਘ, ਬੀ.ਡੀ.ਪੀ.ਓ. ਸਨੌਰ ਮੋਹਿੰਦਰਜੀਤ ਸਿੰਘ ਤੇ ਬੀ.ਡੀ.ਪੀ.ਓ. ਪਟਿਆਲਾ ਸੁਖਵਿੰਦਰ ਸਿੰਘ ਨੇ ਰੌਣੀ ਜੋਗੀਆਂ, ਮਿੱਠੂਮਾਜਰਾ, ਕਸਬਾ ਰੁੜਕੀ, ਸਮਸ਼ਪੁਰ, ਮੁਰਾਦਪੁਰ, ਕੌਲੀ, ਮਲਕਪੁਰ ਜੱਟਾਂ, ਕਾਠਗੜ੍ਹ ਛੰਨਾ, ਮਹਿਮੂਦਪੁਰ ਜੱਟਾਂ, ਦੌਣ ਕਲਾਂ ਤੇ ਬੱਤਾ ਆਦਿ ਪਿੰਡਾਂ ਵਿੱਚ 'ਮੇਰੀ ਮਿੱਟੀ ਮੇਰਾ ਦੇਸ਼' ਤਹਿਤ ਸਮਾਗਮ ਕਰਵਾਏ ਗਏ। ਇਸ ਮੌਕੇ ਬੂਟੇ ਵੀ ਲਗਾਏ ਗਏ ਅਤੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ।
ਇਸੇ ਦੌਰਾਨ ਅੱਜ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪਿੰਡਾਂ ਸਮੇਤ ਅਜ਼ਾਦੀ ਘੁਲਾਟੀਆਂ, ਫ਼ੌਜ ਦੀਆਂ ਤਿੰਨੋਂ ਸੈਨਾਵਾਂ, ਪੁਲਿਸ ਜਾਂ ਅਰਧ ਸੁਰੱਖਿਆ ਬਲਾਂ ਦੇ ਸ਼ਹੀਦਾਂ ਦੇ ਘਰਾਂ ਦੀ ਮਿੱਟੀ ਨੂੰ ਨਮਨ ਕਰਕੇ ਇਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਪਿੰਡਾਂ ਵਿੱਚ ਮਿੱਟੀ, ਛੱਪੜਾਂ ਤੇ ਪਾਣੀ ਨੂੰ ਬਚਾਉਣ ਤੇ ਇਸਦੀ ਸੰਭਾਲ ਦੇ ਮਕਸਦ ਨਾਲ ਆਪਣੇ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਜਾਂ ਆਜ਼ਾਦੀ ਘੁਲਾਟੀਆਂ ਦੇ ਨਾਮ ਉਤੇ ਸਮਾਰਕ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਨਾਗਰਿਕ ਆਪਣੇ ਦੇਸ਼ ਦੀ ਮਿੱਟੀ ਹੱਥ ਵਿੱਚ ਲੈਕੇ ਸਹੁੰ ਖਾਂਦੇ ਹੋਏ ਆਪਣੀ ਸੈਲਫੀ ਵੀ ਯੁਵਾ ਡਾਟ ਜੀਓਵੀ ਡਾਟ ਇਨ ਉਪਰ ਅਪਲੋਡ ਕਰ ਸਕਦੇ ਹਨ।