ਪੰਜਾਬੀ ਯੂਨੀਵਰਸਿਟੀ ਨੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਭੋਪਾਲ ਵੱਲੋਂ ਨਾਲ਼ ਇਕਰਾਰਨਾਮਾ ਕੀਤਾ ਗਿਆ ਹੈ ਜਿਸ ਤਹਿਤ ਦੋਵੇਂ ਯੂਨੀਵਰਸਿਟੀਆਂ ਦੇ ਭਾਸ਼ਾ ਮਾਹਿਰ ਮਿਲ ਕੇ ਅਨੁਵਾਦ ਦੇ ਖੇਤਰ ਵਿੱਚ ਕੰਮ ਕਰਨਗੇ ਅਤੇ ਗਿਆਨ-ਵਿਗਿਆਨ ਨਾਲ ਜੁੜੀ ਅਹਿਮ ਸਮੱਗਰੀ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਅਨੁਵਾਦ ਕਰਨਗੇ।
ਇਸ ਸੰਬੰਧੀ ਦੋਹਾਂ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨੇ ਆਪੋ-ਆਪਣੀ ਟੀਮ ਸਮੇਤ ਆਨਲਾਈਨ ਵਿਧੀ ਰਾਹੀਂ ਇਕੱਤਰਤਾ ਕੀਤੀ ਅਤੇ ਰਸਮੀ ਰੂਪ ਵਿੱਚ ਇਸ ਇਕਰਾਰਨਾਮੇ ਉੱਤੇ ਸਹੀ ਪਾਈ। ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਇਕਰਾਰਨਾਮੇ ਉੱਤੇ ਦਸਤਖ਼ਤ ਕਰਦਿਆਂ ਉਪ-ਕੁਲਪਤੀ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਹਿਲਾਂ ਤੋਂ ਹੀ ਅਨੁਵਾਦ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ। ਵੱਖ-ਵੱਖ ਖੇਤਰਾਂ ਦੇ ਗਿਆਨ ਨੂੰ ਪੰਜਾਬੀ ਭਾਸ਼ਾ ਵਿੱਚ ਉਪਲਬਧ ਕਰਵਾਉਣਾ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮੂਲ ਮੰਤਵ ਨਾਲ਼ ਵੀ ਮੇਲ ਖਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਦੋਹਾਂ ਅਦਾਰਿਆਂ ਦੇ ਮਾਹਿਰਾਂ ਵੱਲੋਂ ਤਾਲਮੇਲ ਤਹਿਤ ਕੰਮ ਕਰਨ ਨਾਲ਼ ਇਸ ਕਾਰਜ ਨੂੰ ਹੋਰ ਬਲ ਮਿਲੇਗਾ ਅਤੇ ਬਿਹਤਰ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਗਿਆਨ ਨੂੰ ਕਠਿਨ ਭਾਸ਼ਾ ਵਿੱਚ ਰੱਖ ਕੇ ਆਮ ਲੋਕਾਈ ਨੂੰ ਇਸ ਤੋਂ ਦੂਰ ਰੱਖਣ ਦੀ ਰਵਾਇਤ ਨੂੰ ਤੋੜਦਿਆਂ ਹੁਣ ਸਮੇਂ ਦੀ ਲੋੜ ਹੈ ਕਿ ਇਸ ਨੂੰ ਸਰਲ ਅਤੇ ਆਮ ਲੋਕਾਂ ਦੀ ਭਾਸ਼ਾ ਵਿੱਚ ਲਿਆਂਦਾ ਜਾਵੇ। ਅਜਿਹਾ ਕਰਨ ਨਾਲ਼ ਜਿੱਥੇ ਹਰ ਕੋਈ ਗਿਆਨ ਦੀਆਂ ਵੱਖ-ਵੱਖ ਧਰਾਵਾਂ ਨਾਲ ਆਪਣੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰੇਗਾ ਉੱਥੇ ਹੀ ਗਿਆਨ ਦੇ ਦਾਇਰੇ ਦਾ ਵਸੀਹ ਹੋਣਾ ਵੀ ਲਾਜਿ਼ਮ ਹੈ।
ਸਰਲ ਅਤੇ ਆਪਣੀ ਸਥਾਨਕ ਭਾਸ਼ਾ ਵਿੱਚ ਗਿਆਨ ਉਪਲਬਧ ਹੋਣ ਕਾਰਨ ਵਧੇਰੇ ਲੋਕ ਇਸ ਨਾਲ਼ ਜੁੜਦੇ ਹਨ ਅਤੇ ਉਹ ਗਿਆਨ ਦੇ ਵਧਾਰੇ ਵਿੱਚ ਵੀ ਯੋਗਦਾਨ ਪਾਉਂਦੇ ਹਨ। ਇਕਰਾਰਨਾਮੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਨਾਲ਼ ਮਿਲ ਕੇ ਪਹਿਲਾਂ ਵੀ ਪੰਜਾਬੀ ਯੂਨੀਵਰਸਿਟੀ ਨੇ ਕੁਝ ਕਾਰਜ ਕੀਤੇ ਹਨ ਜੋ ਸਫਲ ਹੋਏ ਹਨ। ਹੁਣ ਇਸ ਪ੍ਰਾਜੈਕਟ ਤੋਂ ਵੀ ਚੰਗੀਆਂ ਉਮੀਦਾਂ ਹਨ। ਉਨ੍ਹਾਂ ਪੰਜਾਬੀ ਭਾਸ਼ਾ ਦੇ ਲਿਪੀਆਂਤਰਣ ਵਾਲੇ ਪ੍ਰਾਜੈਕਟ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਇਸ ਦਿਸ਼ਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੀਆਂ ਆਧੁਨਿਕ ਤਕਨੀਕਾਂ ਦੀ ਮਦਦ ਲੈਣ ਦੀ ਵੀ ਲੋੜ ਹੈ ਤਾਂ ਕਿ ਅਨੁਵਾਦ ਦੇ ਕਾਰਜਾ ਵਿੱਚ ਵਧੇਰੇ ਤੇਜ਼ੀ ਅਤੇ ਸ਼ੁੱਧਤਾ ਆ ਸਕੇ। ਉਨ੍ਹਾਂ ਕਿਹਾ ਕਿ ਸਾਰੀਆਂ ਭਾਰਤੀ ਭਾਸ਼ਾਵਾਂ ਵਾਕ ਬਣਤਰਾਂ ਅਤੇ ਭਾਵ ਦੇ ਪੱਧਰ ਉੱਤੇ ਇੱਕ ਦੂਜੀ ਦੇ ਨੇੜੇ ਹਨ। ਇਸ ਲਈ ਇਨ੍ਹਾਂ ਵਿੱਚੋਂ ਕਿਸੇ ਵੀ ਇੱਕ ਸਥਾਨਕ ਭਾਸ਼ਾ ਤੋਂ ਦੂਜੀ ਸਥਾਨਕ ਭਾਸ਼ਾ ਵਿੱਚ ਅਨੁਵਾਦ ਕਰਨ ਲਈ ਲੋੜੀਂਦੀ ਤਕਨੀਕ ਪੈਦਾ ਕਰਨ ਵਿੱਚ ਆਸਾਨੀ ਹੋ ਸਕਦੀ ਹੈ।ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਅਨੁਵਾਦ ਸੈਕਸ਼ਨ ਤੋਂ ਵਿਸ਼ੇਸ਼ ਤੌਰ ਉੱਤੇ ਪੰਜਾਬੀ ਯੂਨੀਵਰਸਿਟੀ ਪੁੱਜੇ ਡਾ. ਹਿਰਦੇ ਕਾਂਤ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ਼ ਹਾਜ਼ਰ ਸਨ।