ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਦੇ ਨਾਲ ਭਾਖੜ੍ਹਾ ਡੈਮ ਦੇ ਲੈਵਲ ਵਿਚ ਵਾਧਾ ਹੋਣ ਤੋਂ ਬਾਅਦ ਬੀਬੀਐਂਮਬੀ ਵੱਲੋਂ ਸਤਲੁਜ ਦਰਿਆ ਵਿਚ ਛੱਡੇ ਜਾ ਰਹੇ ਪਾਣੀ ਨੇ ਸਤਲੁਜ ਕੰਡੇ ਵਸੇ ਪਿੰਡਾਂ ਦੇ ਲੋਕਾਂ ਲਈ ਦਿੱਕਤਾਂ ਖੜੀਆਂ ਕਰ ਦਿੱਤੀਆਂ ਹਨ। ਨੰਗਲ ਦੇ ਪਿੰਡ ਬੇਲਾ ਧਿਆਨੀ, ਭਨਾਮ ਸਮੇਤ ਦਰਜਨਾਂ ਹੀ ਪਿੰਡਾਂ ਚ ਸਤਲੁਜ ਦਾ ਪਾਣੀ ਵੜ੍ਹ ਗਿਆ, ਇਹ ਪਾਣੀ ਨੇ ਜਿੱਥੇ ਏਕੜਾਂ ਦੀ ਏਕੜ ਫਸਲ ਖਰਾਬ ਕਰ ਦਿੱਤੀ ਓਥੇ ਹੀ ਕਾਫੀ ਪਿੰਡਾਂ ਚ ਲੋਕਾਂ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਦੇ ਹਿੱਸੇ ਨਾਲ ਸੰਪਰਕ ਕੱਟ ਗਿਆ।
ਇਹੀ ਹਲਾਤ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਪਿੰਡਾਂ ਦਾ ਹੈ। ਪਿੰਡ ਗਜਪੁਰ, ਸ਼ਾਹਪੁਰ ਬੇਲਾ, ਜਿੰਦਵਦੀ, ਗੋਲਣੀ, ਪਲਾਸੀ , ਭਲਾਂਨ, ਹਰੀਵਾਲ, ਚੰਦਪੁਰ, ਮਹਿਦਲੀ ਖੁਰਦ ਵਿਖੇ ਖੇਤਾਂ ਸਮੇਤ ਪਿੰਡਾਂ ਚ ਲੋਕਾਂ ਦੇ ਘਰਾਂ ਤੱਕ ਵੀ ਇਹ ਪਾਣੀ ਪੁੱਜ ਗਿਆ। ਪ੍ਰਸ਼ਾਸ਼ਨ ਦੇ ਹਰਕਤ ਵਿਚ ਆਉਣ ਤੋਂ ਬਾਅਦ ਨੰਗਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਐਨ.ਆਰਐਫ ਦੀਆਂ ਟੀਮਾਂ ਵੀ ਲਗਾ ਦਿੱਤੀਆਂ, ਜਿਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਇਹ ਵੀ ਦੱਸਣਯੋਗ ਹੈ ਕਿ ਭਾਖੜਾ ਡੈਮ ਤੋਂ ਸਤਲੁਜ ਵਿੱਚ ਇਸ ਸਮੇਂ 77000 ਕਿਉਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ। ਜਿਸ ਨਾਲ ਵੱਡੀ ਗਿਣਤੀ ਵਿਚ ਪਿੰਡਾਂ ਚ ਨੁਕਸਾਨ ਹੋਇਆ।