ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਹੋਈ ਇੱਕ ਤਾਜ਼ਾ ਖੋਜ ਵਿੱਚ ਇਹ ਨੁਕਤੇ ਸਾਹਮਣੇ ਆਏ। 'ਬਿਲਾਸਪੁਰੀ ਦੀ ਸ਼ਬਦਾਵਲੀ ਦਾ ਕੋਸ਼ ਵਿਗਿਆਨਕ ਅਧਿਐਨ' ਵਿਸ਼ੇ ਉੱਤੇ ਇਹ ਖੋਜ-ਕਾਰਜ ਡਾ. ਬਲਦੇਵ ਸਿੰਘ ਚੀਮਾ ਦੀ ਨਿਗਰਾਨੀ ਵਿੱਚ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ।ਡਾ. ਬਲਦੇਵ ਸਿੰਘ ਚੀਮਾ ਨੇ ਦੱਸਿਆ ਕਿ ਬਿਲਾਸਪੁਰੀ ਇੱਕ ਉਪਭਾਸ਼ਾਈ ਵੰਨਗੀ ਹੈ। ਇਹ ਪੰਜਾਬੀ ਦੀ ਤਰ੍ਹਾਂ ਸੁਰਾਤਮਕ ਭਾਸ਼ਾਈ ਵੰਨਗੀ ਹੈ। ਪੰਜਾਬ ਵੰਡ ਤੋਂ ਪਹਿਲਾਂ ਇਹ ਖੇਤਰ ਪੰਜਾਬ ਦਾ ਹੀ ਹਿੱਸਾ ਸੀ। ਉਨ੍ਹਾਂ ਦੱਸਿਆ ਕਿ ਆਧੁਨਿਕਤਾ ਦੇ ਪ੍ਰਭਾਵ ਕਾਰਨ ਇਸ ਖੇਤਰ ਵਿੱਚ ਬਹੁਤ ਸਾਰੇ ਲੋਕ ਹਿੰਦੀ ਬੋਲਣ ਲੱਗ ਪਏ ਹਨ ਪਰ ਪੇਂਡੂ ਖੇਤਰਾਂ ਵਿੱਚ ਬੱਚੇ ਅਤੇ ਬਜ਼ੁਰਗ ਹਾਲੇ ਵੀ ਬਿਲਾਸਪੁਰੀ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਦਵਾਨ ਇਸ ਭਾਸ਼ਾ ਨੂੰ ਲੈ ਕੇ ਵੱਖ-ਵੱਖ ਵਿਚਾਰ ਰਖਦੇ ਹਨ।ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਧਾਰਨਾਵਾਂ ਦੀ ਅਸਲ ਸਚਾਈ ਜਾਣਨ ਲਈ ਇਹ ਖੋਜ ਕੀਤੀ ਗਈ ਜਿਸ ਵਿੱਚ ਇਸ ਇਲਾਕੇ ਦੀ ਬੋਲੀ ਦੀਆਂ ਭਾਸ਼ਾਈ ਵਿਲੱਖਣਤਾਵਾਂ ਦਾ ਕੋਸ਼ ਵਿਗਿਆਨਕ ਅਧਿਐਨ ਕਰਦਿਆਂ ਇਸ ਨਤੀਜੇ ਉੱਤੇ ਪੁੱਜਿਆ ਗਿਆ ਕਿ ਸੱਚਮੁੱਚ ਬਿਲਾਸਪੁਰੀ ਭਾਸ਼ਾ ਦੀ ਪੰਜਾਬੀ ਭਾਸ਼ਾ ਨਾਲ਼ ਨੇੜਤਾ ਕਿਸੇ ਵੀ ਹੋਰ ਭਾਸ਼ਾ ਨਾਲੋਂ ਵਧੇਰੇ ਅਤੇ ਤਰਕਸੰਗਤ ਹੈ।
ਖੋਜਾਰਥੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਖੋਜ ਦੌਰਾਨ ਬਿਲਾਸਪੁਰੀ ਭਾਸ਼ਾ ਦੀਆਂ ਬਹੁਤ ਸਾਰੀਆਂ ਭਾਸ਼ਾਈ ਵਿਲੱਖਣਤਾਵਾਂ ਨੂੰ ਵੇਖਿਆ ਪਰਖਿਆ ਗਿਆ ਜਿਸ ਤੋਂ ਪ੍ਰਾਪਤ ਨਤੀਜਿਆਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਇਹ ਪੰਜਾਬੀ ਭਾਸ਼ਾ ਦੇ ਹੀ ਸਭ ਤੋਂ ਨੇੜੇ ਦੀ ਭਾਸ਼ਾ ਹੈ। ਉਨ੍ਹਾਂ ਦੱਸਿਆ ਕਿ /ਹ/ ਧੁਨੀ ਪੰਜਾਬੀ ਦੀ ਤਰ੍ਹਾਂ ਸਵਰ ਵਿੱਚ ਪ੍ਰਵਰਤਿਤ ਹੋ ਜਾਂਦੀ ਹੈ। ਜਿਵੇਂ 'ਹੱਸਣਾ' ਨੂੰ 'ਅਸਣਾ', 'ਹੱਥ' ਨੂੰ 'ਅੱਥ', 'ਜਿਹਾ' ਨੂੰ 'ਜਿਆ', 'ਕੁਹਾੜਾ' ਨੂੰ 'ਕੁਆੜਾ' ਅਤੇ 'ਹਿੰਮਤ' ਨੂੰ 'ਇੰਮਤ' ਕਹਿ ਲਿਆ ਜਾਂਦਾ ਹੈ। ਕੁੱਝ ਵਿਅੰਜਨ ਜੋ ਪੰਜਾਬੀ ਦੀਆਂ ਉਪ ਭਾਸ਼ਾਵਾਂ ਪੁਆਧੀ ਅਤੇ ਮਲਵਈ ਵਿੱਚ ਸ਼ਬਦ ਦੇ ਅੱਗੇ ਲੱਗ ਕੇ ਵਰਤੇ ਜਾਂਦੇ ਹਨ ਉਹ ਬਿਲਾਸਪੁਰੀ ਵਿੱਚ ਵੀ ਹਨ ਜਿਵੇਂ 'ਉਣਾਹਟ' ਨੂੰ 'ਣਾਹਟ' ਅਤੇ 'ਉਣੱਤਰ' ਨੂੰ 'ਣੱਤਰ' ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸਵਰ ਅਤੇ ਮਾਤਰਾ ਦੇ ਅਲੋਪ ਹੋਣ ਦੀ ਰਵਾਇਤ ਵੀ ਪੰਜਾਬੀ ਭਾਸ਼ਾ ਵਾਂਗ ਹੀ ਹੈ ਜਿਸ ਅਨੁਸਾਰ 'ਇਰਾਦਾ' ਨੂੰ 'ਰਾਦਾ', 'ਅੰਗੂਠੀ' ਨੂੰ 'ਗੂਠੀ', 'ਫ਼ਾਇਦਾ' ਨੂੰ 'ਫ਼ੈਦਾ', 'ਕਿਤਾਬ' ਨੂੰ 'ਕਤਾਬ', 'ਹਿਸਾਬ' ਨੂੰ 'ਹਸਾਬ', 'ਸਾਈਕਲ' ਨੂੰ 'ਸੈਕਲ' ਕਹਿ ਲਿਆ ਜਾਂਦਾ ਹੈ। ਵਿਆਕਰਣ ਦੇ ਪੱਧਰ ਉੱਤੇ 'ਪਰ', 'ਜੇ', 'ਤਦ', 'ਜੇਕਰ', 'ਵਿੱਚ' ਯੋਜਕੀ ਸ਼ਬਦ ਬਿਲਾਸਪੁਰੀ ਵਿੱਚ ਪੰਜਾਬੀ ਦੀ ਤਰ੍ਹਾਂ ਹੀ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਵਿਸਮਿਕ ਭਾਵਾਂ ਲਈ ਵਰਤੇ ਜਾਂਦੇ ਸ਼ਬਦ 'ਹਾਏ', 'ਹਲਾ', 'ਹਜੂਰ', 'ਬੱਲੇ', 'ਵਾਹ' ਵੀ ਪੰਜਾਬੀ ਨਾਲ਼ ਹੀ ਮੇਲ ਖਾਂਦੇ ਹਨ। /ਭ, ਘ, ਝ, ਢ, ਧ/ ਸਘੋਸ਼ ਮਹਾਪ੍ਰਾਣ ਧੁਨੀਆਂ ਬਿਲਾਸਪੁਰੀ ਭਾਸ਼ਾ ਵਿੱਚ ਪੰਜਾਬੀ ਦੀ ਤਰ੍ਹਾਂ ਸੁਰ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਵਾਈਸ ਚਾਂਸਲਰ ਪ੍ਰੋ ਅਰਵਿੰਦ ਨੇ ਇਸ ਸੰਬੰਧੀ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮੂਲ ਮੰਤਵ ਅਨੁਸਾਰ ਅਜਿਹੀਆਂ ਖੋਜਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਦੀ 2011 ਦੀ ਰਿਪੋਰਟ ਉੱਤੇ ਨਜ਼ਰ ਮਾਰਦਿਆਂ ਖੇਤਰੀ ਭਾਸ਼ਾਵਾਂ ਦੇ ਲੋਪ ਹੋਣ ਦਾ ਜਿਹੜਾ ਖ਼ਦਸ਼ਾ ਸਾਡੇ ਮਨ ਵਿੱਚ ਉੱਭਰਦਾ ਹੈ ਉਸ ਨੂੰ ਠੱਲ੍ਹ ਪਾਉਣ ਲਈ ਅਜਿਹੇ ਖੋਜ ਕਾਰਜ ਆਪਣੀ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ।
ਡਾਇਰੈਕਟਰ, ਲੋਕ ਸੰਪਰਕ