ਹਿਮਾਚਲ ਵਿਚ ਮੀਂਹ ਕਾਰਨ ਪੰਜਾਬ ਦੇ 9 ਜ਼ਿਲ੍ਹੇ ਹੜ੍ਹ ਦੀ ਲਪੇਟ ਵਿਚ ਹਨ। ਫਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ, ਜਲੰਧਰ, ਮੋਗਾ, ਰੂਪਨਗਰ, ਤਰਨਤਾਰਨ, ਨਵਾਂਸ਼ਹਿਰ ਤੇ ਕਪੂਰਥਲਾ ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹਨ। ਦਰਜਨਾਂ ਪਿੰਡ ਖਾਲੀ ਕਰਵਾ ਲਏ ਗਏ ਹਨ। ਸ਼ੁੱਕਰਵਾਰ ਨੂੰ ਫਿਰੋਜ਼ਪੁਰ ਦੇ ਮੱਲਾਂਵਾਲਾ ਦੇ ਪਿੰਡ ਫਤੇਹਵਾਲਾ ਵਿਚ ਤਿੰਨ ਨੌਜਵਾਨ ਤੇਜ਼ ਵਹਾਅ ਵਿਚ ਰੁੜ੍ਹ ਗਏ।ਇਨ੍ਹਾਂ ਵਿਚੋਂ 2 ਨੂੰ ਬਚਾ ਲਿਆ ਗਿਆ ਜਦੋਂ ਕਿ ਇਕ ਨੌਜਵਾਨ ਹਰਪ੍ਰੀਤ ਸਿੰਘ ਅਜੇ ਵੀ ਲਾਪਤਾ ਹੈ।
ਫਿਰੋਜ਼ਪੁਰ ਵਿਚ ਭਾਰਤ-ਪਾਕਿ ਸਰਹੱਦ ‘ਤੇ ਭਾਰਤੀ ਫੌਜ ਦੀ ਤੀਰਥ ਸਥਿਤ ਚੈੱਕ ਪੋਸਟ ਪੂਰੀ ਤਰ੍ਹਾਂ ਡੁੱਬ ਗਈ। ਇਥੇ ਤਾਇਨਾਤ ਲਗਭਗ 50 ਜਵਾਨਾਂ ਨੂੰ ਸੁਰੱਖਿਅਤ ਕੱਢਿਆ ਗਿਆ। ਗੁਰਦਾਸਪੁਰ ਵਿਚ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਵੱਲੋਂ ਜਾਣ ਵਾਲੇ ਰਸਤੇ ‘ਤੇ ਨਾਲੇ ‘ਤੇ ਬਣੇ ਪੁਲ ਦਾ ਇਕ ਹਿੱਸਾ ਟੁੱਟ ਗਿਆ ਹੈ। ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਇਥੇ ਆਵਾਜਾਈ ਬੰਦ ਕਰਵਾ ਦਿੱਤੀ ਹੈ. ਗੁਰਦਾਸਪੁਰ ਵਿਚ ਫੌਜ ਦੇ ਜਵਾਨਾਂ ਦੀ ਰਾਹਤ ਟੀਮ ਨੇ ਪਿੰਡ ਦਾਊਵਾਲਾ, ਕਿਸ਼ਨਪੁਰ, ਭੈਣੀ ਪਸਵਾਲ ਤੇ ਹੋਰ ਇਲਾਕਿਆਂ ਵਿਚ ਲੋਕਾਂ ਨੂੰ ਖਾਧ ਪਦਾਰਥ ਤੇ ਪਾਣੀ ਵੰਡਿਆ।