ਖੰਨਾ 'ਚ ਨੈਸ਼ਨਲ ਹਾਈਵੇਅ 'ਤੇ ਮੰਡਿਆਲਾ ਕਲਾਂ ਨੇੜੇ ਓਵਰਬ੍ਰਿਜ ਦੇ ਉੱਪਰ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਬੁਲੇਟ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਕਾਰਨ ਬੁਲੇਟ ਸਵਾਰ ਦਾ ਸਿਰ ਸੜਕ 'ਤੇ ਜਾ ਵੱਜਿਆ ਅਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਸੁਮਿਤ ਠਾਕੁਰ (23) ਵਾਸੀ ਸਮੈਲਾ, ਜ਼ਿਲ੍ਹਾ ਮੰਡੀ ਵਜੋਂ ਹੋਈ। ਸੁਮਿਤ ਦਾ ਪਰਿਵਾਰ ਹਿਮਾਚਲ ਪ੍ਰਦੇਸ਼ ਤੋਂ ਖੰਨਾ ਪਹੁੰਚ ਗਿਆ ਸੀ ਅਤੇ ਪੁਲਸ ਕੋਲ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰਾਈ ਗਈ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਠਾਕੁਰ ਡੀ. ਏ. ਵੀ. ਜਲੰਧਰ ਵਿਖੇ ਐੱਮ. ਬੀ. ਏ. ਕਰ ਰਿਹਾ ਸੀ। ਉਹ ਨਾਲ ਨਾਲ ਫ਼ੌਜ 'ਚ ਭਰਤੀ ਦੀ ਤਿਆਰੀ ਵੀ ਕਰ ਰਿਹਾ ਸੀ। ਉਹ ਆਪਣੇ ਬੁਲੇਟ 'ਤੇ ਖੰਨਾ ਤੋਂ ਜਲੰਧਰ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਇਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਗੰਭੀਰ ਜ਼ਖਮੀ ਸੁਮਿਤ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਉੱਥੇ ਇਲਾਜ ਦੌਰਾਨ ਕੁੱਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਸੁਮਿਤ ਦੇ ਵੱਡੇ ਭਰਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ। ਮਾਤਾ-ਪਿਤਾ ਹੁਣ ਇਕੱਲੇ ਰਹਿ ਗਏ ਹਨ। ਕੋਟ ਪੁਲਸ ਚੌਂਕੀ ਦੇ ਇੰਚਾਰਜ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟੱਕਰ ਮਾਰਨ ਵਾਲੇ ਵਾਹਨ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਫੁਟੇਜ ਦੇਖੀ ਜਾ ਰਹੀ ਹੈ।