ਫਿਲੀਪੀਂਸ ਦੀ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 16 ਲੋਕਾਂ ਦੀ ਮੌਤ, ਕਈ ਜ਼ਖਮੀ ਹੋ ਗਏ ਹਨ। ਫਿਲੀਪੀਂਸ ਦੀ ਰਾਜਧਾਨੀ ਮਨੀਲਾ ‘ਚ 31 ਅਗਸਤ ਨੂੰ ਇਕ ਕੱਪੜਾ ਫੈਕਟਰੀ ਵਿਚ ਅੱਗ ਲੱਗਣ ਨਾਲ 16 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ।ਦੱਸਿਆ ਜਾ ਰਿਹਾ ਹੈ ਕਿ ਕੱਪੜੇ ਦੀ ਇਹ ਫੈਕਟਰੀ ਦੋ ਮੰਜ਼ਿਲਾ ਇਮਾਰਤ ਸੀ ਜੋ ਸੜ ਕੇ ਸੁਆਹ ਹੋ ਗਈ। ਇਸ ਫੈਕਟਰੀ ਨੂੰ ਟੀ-ਸ਼ਰਟ ਦੀ ਪ੍ਰਿੰਟਿੰਗ ਤੋਂ ਇਲਾਵਾ ਮਜ਼ਦੂਰਾਂ ਦੇ ਰਹਿਣ ਲਈ ਵੀ ਇਸਤੇਮਾਲ ਕੀਤਾ ਜਾਂਦਾ ਸੀ।
ਰਿਪੋਰਟ ਮੁਤਾਬਕ 3 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਹ ਅੱਗ ਬਿਲਡਿੰਗ ਦੇ ਵਿਚ ਲੱਗੀ ਸੀ।ਇਸ ਕਾਰਨ ਜ਼ਿਆਦਾਤਰ ਲੋਕ ਕੱਪੜੇ ਦੀ ਫੈਕਟਰੀ ਤੋਂ ਬਾਹਰ ਨਹੀਂ ਨਿਕਲ ਸਕੇ। ਫਿਲੀਪੀਂਸ ਦੀ ਰਾਜਧਾਨੀ ਮਨੀਲਾ ਦੇ ਅਗਨੀਕਾਂਡ ਦੌਰਾਨ ਜਾਮ ਤੇ ਗਲਤ ਪਤੇ ਦੀ ਵਜ੍ਹਾ ਨਾਲ ਫਾਇਰ ਬ੍ਰਿਗੇਡ ਨੂੰ ਪਹੁੰਚਣ ਵਿਚ ਦੇਰੀ ਹੋਈ। ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਵਿਚੋਂ ਜ਼ਿਆਦਾਤਰ ਫੈਕਟਰੀ ਦੇ ਮੁਲਾਜ਼ਮ ਸਨ।
ਇਸ ਸਬੰਧੀ ਫਾਇਰ ਬ੍ਰਿਗੇਡ ਅਧਿਕਾਰੀ ਨਹੂਮ ਤਰੋਜਾ ਨੇ ਕਿਹਾ ਕਿ ਕਮਰਿਆਂ ਦੇ ਬਾਹਰ ਗਲਿਆਰੇ ਵਿਚ ਕੁਝ ਲੋਕ ਮਰੇ ਹੋਏ ਪਾਏ ਗਏ। ਇਨ੍ਹਾਂ ਮ੍ਰਿਤਕਾਂ ਵਿਚ ਫੈਕਟਰੀ ਮਾਲਕ ਸਣੇ ਉਸ ਦਾ ਬੱਚਾ ਵੀ ਸ਼ਾਮਲ ਹੈ। ਤਰੋਜਾ ਨੇ ਦੱਸਿਆ ਕਿ ਤਿੰਨ ਲੋਕ ਨੇ ਅੱਗ ਦੀ ਵਜ੍ਹਾ ਨਾਲ ਦੋ ਮੰਜ਼ਿਲਾ ਇਮਾਰਤ ਤੋਂ ਛਲਾਂਗ ਲਗਾ ਦਿੱਤੀ ਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਤਿੰਨਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।