ਜਲੰਧਰ ਦੀ ਬਸਤੀ ਬਾਵਾ ਖੇਲ ਵਿਖੇ ਉਸ ਸਮੇਂ ਲੋਕ ਅਤੇ ਪੁਲਸ ਨੂੰ ਭਾਜੜਾਂ ਪੈ ਗਈਆਂ ਜਦੋਂ ਇਥੇ ਨਹਿਰ ਵਿਚੋਂ ਸਿੱਧੂ ਮੂਸੇਵਾਲਾ ਦੀ ਥਾਰ ਵਰਗੀ ਥਾਰ ਬਰਾਮਦ ਕੀਤੀ ਗਈ। ਦਰਅਸਲ ਇਕ ਨੌਜਵਾਨ ਨੇ ਆਪਣੀ ਕਾਲੇ ਰੰਗ ਦੀ ਥਾਰ ਇਥੇ ਲਿਆ ਕੇ ਨਹਿਰ ਵਿਚ ਸੁੱਟ ਦਿੱਤੀ। ਜਿਵੇਂ ਹੀ ਨੌਜਵਾਨ ਨੇ ਅਜਿਹਾ ਕਦਮ ਚੁੱਕਿਆ ਤਾਂ ਉਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਸਿੱਧੂ ਮੂਸੇਵਾਲਾ ਦਾ ਇਨਸਾਫ਼ ਚਾਹੁੰਦਾ ਹੈ। ਇਸੇ ਕਰਕੇ ਉਸ ਨੇ ਅਨੋਖਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਲੱਖਾਂ ਦੀ ਥਾਰ ਲਿਆ ਕੇ ਨਹਿਰ ਵਿਚ ਸੁੱਟ ਦਿੱਤੀ। ਇਥੇ ਦੱਸ ਦਈਏ ਕਿ ਉਕਤ ਨੌਜਵਾਨ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਕਾਤਲਾਂ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਉਕਤ ਨੌਜਵਾਨ ਵੱਲੋਂ ਵਿਰੋਧ ਦਾ ਵੱਖਰਾ ਤਰੀਕਾ ਅਪਣਾਇਆ ਗਿਆ ਹੈ, ਨੌਜਵਾਨ ਨੇ ਸਿੱਧੂ ਮੂਸੇਵਾਲਾ ਦੀ ਥਾਰ ਵਰਗੀ ਕਾਲੀ ਥਾਰ ਲਿਆ ਕੇ ਇਥੇ ਨਹਿਰ ਵਿਚ ਸੁੱਟ ਦਿੱਤੀ। ਪਹਿਲਾਂ ਤਾਂ ਲੋਕਾਂ ਨੂੰ ਇਹ ਸਮਝ ਹੀ ਨਹੀਂ ਆਇਆ ਕਿ ਇਹ ਕੋਈ ਹਾਦਸਾ ਸੀ ਜਾਂ ਫਿਰ ਨੌਜਵਾਨ ਵੱਲੋਂ ਅਜਿਹਾ ਕਿਉਂ ਕੀਤਾ ਗਿਆ। ਜਦੋਂ ਪਤਾ ਲੱਗਾ ਤਾਂ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ਉਤੇ ਪਹੁੰਚੀ ਪੁਲਸ ਅਤੇ ਲੋਕਾਂ ਵੱਲੋਂ ਤੁਰੰਤ ਉਸ ਦੀ ਥਾਰ ਨੂੰ ਬਾਹਰ ਕੱਢਿਆ ਗਿਆ ਪਰ ਸਿੱਧੂ ਮੂਸੇਵਾਲਾ ਦਾ ਇਨਸਾਫ਼ ਅਜੇ ਵੀ ਇਸ ਨੌਜਵਾਨ ਵੱਲੋਂ ਪੁਲਸ ਕੋਲੋਂ ਮੰਗਿਆ ਜਾ ਰਿਹਾ ਹੈ।