ਬਾਹਰਲੇ ਸੂਬਿਆਂ ਤੋਂ ਸ਼ਰਾਬ ਲਿਆ ਕੇ ਟਾਂਡਾ ਇਲਾਕੇ ਵਿਚ ਵੇਚਣ ਵਾਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਟਾਂਡਾ ਪੁਲਸ ਨੇ 2 ਲੋਕਾਂ ਨੂੰ ਵੱਖ-ਵੱਖ ਸਥਾਨਾਂ ਤੋਂ ਸ਼ਰਾਬ ਸਣੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਉਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਨੇ ਇਹ ਕਾਰਵਾਈ ਕੀਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਥਾਣੇਦਾਰ ਗੁਰਮੀਤ ਸਿੰਘ ਦੀ ਟੀਮ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਤੇ ਅੱਡਾ ਸਰਾਂ ਇਲਾਕੇ ਵਿਚ ਅਵਤਾਰ ਸਿੰਘ ਤਾਰੀ ਪੁੱਤਰ ਅਮਰ ਚੰਦ ਵਾਸੀ ਢੱਟਾ ਦੇ ਕਬਜ਼ੇ ਵਿੱਚੋ ਹਿਮਾਚਲ ਪ੍ਰਦੇਸ਼ ਵਿਕਣ ਵਾਲੀ ਸ਼ਰਾਬ ਦੀਆਂ 48 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਤਾਰੀ ਅਤੇ ਉਸਦੇ ਸਾਥੀ ਵਿਨੋਦ ਕੁਮਾਰ ਉਰਫ ਵਿਪਨ ਪੁੱਤਰ ਮਹਿੰਦਰ ਸਿੰਘ ਵਾਸੀ ਬੱਗੇਵਾਲ ਦੇ ਖ਼ਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ।
ਇਸੇ ਤਰਾਂ ਥਾਣੇਦਾਰ ਜਸਵਿੰਦਰ ਸਿੰਘ ਦੀ ਟੀਮ ਨੇ ਰੇਲਵੇ ਫਾਟਕ ਟਾਂਡਾ ਨੇੜਿਓਂ ਚਮਨ ਲਾਲ ਉਰਫ ਪੰਮਾ ਪੁੱਤਰ ਅਜੀਤ ਸਿੰਘ ਵਾਸੀ ਮੂਨਕ ਕਲਾਂ ਨੂੰ ਹਿਮਾਚਲ ਪ੍ਰਦੇਸ਼ ਵਿਕਰੀ ਵਾਲੀ ਸ਼ਰਾਬ ਦੀਆਂ 40 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਨੇ ਪੰਮਾ ਅਤੇ ਰੇਲਵੇ ਫਾਟਕ ਟਾਂਡਾ ਨੇੜੇ ਰਹਿੰਦੇ ਉਸਦੇ ਸਾਥੀ ਬਾਦਲ ਖਿਲਾਫ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲਿਆਂ ਵਿਚ ਨਾਮਜਦ ਦੋਨਾਂ ਦੂਜੇ ਮੁਲਜਮਾਂ ਦੀ ਭਾਲ ਜਾਰੀ ਹੈ।