ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ‘ਮਿਸ਼ਨ ਰਾਣੀਗੰਜ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਬੁੱਧਵਾਰ 6 ਸਤੰਬਰ ਨੂੰ ਹੀ ਅਕਸ਼ੇ ਨੇ ਆਪਣੀ ਫ਼ਿਲਮ ਦੇ ਮੋਸ਼ਨ ਪੋਸਟਰ ਤੇ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ। ਹੁਣ ਇਸ ਦਾ ਟੀਜ਼ਰ ਆ ਗਿਆ ਹੈ। ‘ਮਿਸ਼ਨ ਰਾਣੀਗੰਜ’ 1989 ’ਚ ਰਾਣੀਗੰਜ ’ਚ ਕੋਲੇ ਦੀ ਖਾਣ ’ਚ ਵਾਪਰੀ ਸੱਚੀ ਘਟਨਾ ’ਤੇ ਆਧਾਰਿਤ ਹੈ। ਫ਼ਿਲਮ ’ਚ ਅਕਸ਼ੇ ਕੁਮਾਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਅਕਸ਼ੇ ਕੁਮਾਰ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਨੇ ਹਮੇਸ਼ਾ ਅਸਲ ਜ਼ਿੰਦਗੀ ’ਤੇ ਆਧਾਰਿਤ ਫ਼ਿਲਮਾਂ ਤੇ ਕਿਰਦਾਰਾਂ ਨੂੰ ਮਹੱਤਵ ਦਿੱਤਾ ਹੈ ਤੇ ‘ਮਿਸ਼ਨ ਰਾਣੀਗੰਜ’ ਵੀ ਇਸ ਦੀ ਇਕ ਉਦਾਹਰਣ ਹੈ। ਇਸ ਦੇ ਜ਼ਬਰਦਸਤ ਟੀਜ਼ਰ ਨੇ ਪੂਰੀ ਫ਼ਿਲਮ ਇੰਡਸਟਰੀ ਤੇ ਅਕਸ਼ੇ ਦੇ ਪ੍ਰਸ਼ੰਸਕਾਂ ’ਚ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ ਹੈ।
‘ਮਿਸ਼ਨ ਰਾਣੀਗੰਜ’ 6 ਅਕਤੂਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਰਾਣੀਗੰਜ ਕੋਲਫੀਲਡ ਦੀ ਇਕ ਸੱਚੀ ਘਟਨਾ ਤੇ ਮਰਹੂਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੇ ਬਹਾਦਰੀ ਭਰੇ ਕੰਮ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਭਾਰਤ ਦੇ ਇਸ ਕੋਲਾ ਬਚਾਓ ਮਿਸ਼ਨ ਦੀ ਅਗਵਾਈ ਕੀਤੀ। ਜਸਵੰਤ ਸਿੰਘ ਗਿੱਲ ਨੇ ਨਵੰਬਰ 1989 ’ਚ ਰਾਣੀਗੰਜ ’ਚ ਕੋਲੇ ਦੀ ਖਾਣ ’ਚ ਫਸੇ ਸਾਰੇ ਮਜ਼ਦੂਰਾਂ ਨੂੰ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ। ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਤੇ ਸਫਲ ਬਚਾਅ ਮਿਸ਼ਨ ਮੰਨਿਆ ਜਾਂਦਾ ਹੈ।