ਜਲੰਧਰ ਵਿੱਚ ਇਕ ਪਿਉ ਵੱਲੋਂ ਆਪਣੀਆਂ ਤਿੰਨ ਧੀਆਂ ਨੂੰ ਕੀਟਨਾਸ਼ਕ ਸਪਰੇਅ ਪਿਲਾ ਕੇ ਕਤਲ ਕਰਨ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਪਿਉ ਨੂੰ ਹਿਰਾਸਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੋਸ਼ੀ ਪਿਉ ਦੀ ਪਛਾਣ ਸੁਨੀਲ ਮੰਡਲ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਜਲੰਧਰ ਦੇ ਪਿੰਡ ਕਾਹਨਪੁਰ ਵਿੱਚ ਸੁਨੀਲ ਮੰਡਲ ਨੇ ਆਪਣੀਆਂ ਤਿੰਨ ਧੀਆਂ ਜਿਨ੍ਹਾਂ ਦੇ ਨਾਮ ਅੰਮ੍ਰਿਤਾ ਕੁਮਾਰੀ ਉਮਰ 9 ਸਾਲ, ਕੰਚਨ ਕੁਮਾਰੀ ਉਮਰ 7 ਸਾਲ ਅਤੇ ਵਾਸੂ ਉਮਰ ਸਿਰਫ਼ 3 ਸਾਲ, ਦਾ ਦੁੱਧ ਵਿੱਚ ਕੀਟਨਾਸ਼ਕ ਸਪਰੇਅ ਮਿਲਾ ਕੇ ਦੇਣ ਕਤਲ ਕਰ ਦਿੱਤਾ ਅਤੇ ਲਾਸ਼ਾਂ ਨੂੰ ਲੋਹੇ ਦੇ ਟਰੰਕ ਵਿੱਚ ਪਾ ਕੇ ਘਰ ਦੇ ਬਾਹਰ ਸੁੱਟ ਦਿੱਤਾ। ਜਾਣਕਾਰਾਂ ਤੋਂ ਪਤਾ ਲਗਿਆ ਹੈ ਕਿ ਤਿੰਨੇ ਭੈਣਾਂ ਬੀਤੇ ਐਤਵਾਰ ਰਾਤ 8 ਵਜੇ ਤੋਂ ਲਾਪਤਾ ਸਨ ਅਤੇ ਸੋਮਵਾਰ ਸਵੇਰੇ ਲੋਕਾਂ ਨੇ ਤਿੰਨਾਂ ਦੀਆਂ ਲਾਸ਼ਾਂ ਵੇਖੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਜਦੋਂ ਪੁਲਿਸ ਮੌਕੇ ’ਤੇ ਪਹੁੰਚੀ ਤਾਂ ਸੁਨੀਲ ਮੰਡਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਤਿੰਨਾਂ ਭੈਣਾਂ ਦੇ ਪਿਉ ਸੁਨੀਲ ਮੰਡਲ ਨੇ ਆਪਣਾ ਜ਼ੁਰਮ ਵੀ ਕਬੂਲ ਕਰ ਲਿਆ। ਪੁਲਿਸ ਨੇ ਦਸਿਆ ਕਿ ਸੁਨੀਲ ਮੰਡਲ ਨਸ਼ੇ ਦਾ ਆਦੀ ਹੈ ਅਤੇ ਸੁਨੀਲ ਮੰਡਲ ਦੇ 5 ਬੱਚੇ ਹਨ। ਐਸ.ਐਸ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਪੁਲਿਸ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਸੁਨੀਲ ਮੰਡਲ ਜਿਸ ਘਰ ਵਿੱਚ ਕਿਰਾਏ ’ਤੇ ਰਹਿੰਦਾ ਹੈ ਉਸ ਮਕਾਨ ਮਾਲਕ ਨੇ ਤਿੰਨਾਂ ਭੈਣਾਂ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ। ਪੁਲਿਸ ਅਤੇ ਨੇੜਲੇ ਲੋਕ ਤਿੰਨਾਂ ਬੱਚੀਆਂ ਦੀ ਭਾਲ ਕਰ ਰਹੇ ਸਨ ਪਰ ਤਿੰਨਾਂ ਬੱਚੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅਗਲੇ ਦਿਨ ਸਵੇਰੇ ਜਦੋਂ ਸੁਨੀਲ ਮੰਡਲ ਟਰੰਕ ਬਾਹਰ ਕੱਢ ਰਿਹਾ ਸੀ ਤਾਂ ਪਤਾ ਲਗਿਆ ਕਿ ਤਿੰਨਾਂ ਦੀਆਂ ਲਾਸ਼ਾਂ ਟਰੰਕ ਵਿੱਚ ਹਨ। ਸੁਨੀਲ ਮੰਡਲ ਦਾ ਕਹਿਣਾ ਹੈ ਕਿ ਉਹ ਸਵੇਰੇ 8 ਵਜੇ ਤੋਂ ਰਾਤ ਦੇ ਅੱਠ ਵਜੇ ਤੱਕ ਕੰਮ ’ਤੇ ਜਾਂਦਾ ਹੈ। ਉਸ ਨੂੰ ਜਦੋਂ ਆਪਣੀਆਂ ਤਿੰਨੋਂ ਬੱਚੀਆਂ ਨਹੀਂ ਲੱਭੀਆਂ ਤਾਂ ਉਸ ਨੇ ਭਾਲ ਕੀਤੀ ਜਦੋਂ ਕੋਈ ਸਫ਼ਲਤਾ ਹੱਥ ਨਾ ਲੱਗੀ ਤਾਂ ਉਸ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮਕਾਨ ਮਾਲਕ ਅਨੁਸਾਰ ਸੁਨੀਲ ਮੰਡਲ ਦਾ ਪਰਿਵਾਰ ਨਾਲ ਝਗੜਾ ਰਹਿੰਦਾ ਸੀ ਅਤੇ ਮਾਰ ਕੁੱਟ ਕਰਦਾ ਸੀ। ਮਕਾਨ ਮਾਲਕ ਦਾ ਕਹਿਣਾ ਹੈ ਕਿ ਸੁਨੀਲ ਮੰਡਲ ਨੇ ਕਮਰੇ ਦਾ ਕਿਰਾਇਆ ਵੀ ਦਿੱਤਾ ਜਿਸ ਕਾਰਨ ਉਸ ਨੇ ਕਮਰਾ ਖ਼ਾਲੀ ਕਰਨ ਲਈ ਕਿਹਾ ਹੋਇਆ ਸੀ।