ਪਟਿਆਲਾ, (ਦਲਜਿੰਦਰ ਸਿੰਘ) : ਮਿਊਂਸੀਪਲ ਵਰਕਰਜ਼ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਪ੍ਰਧਾਨ ਸ਼੍ਰੀ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਚਲ ਰਹੇ ਧਰਨੇ ਦੇ ਛੇਵੇਂ ਦਿਨ ਵੀ ਮੁਲਾਜ਼ਮਾਂ ਦੇ ਵਿੱਚ ਸਕੱਤਰ ਸਥਾਨਕ ਸਰਕਾਰ ਦੁਆਰਾ ਜਾਰੀ ਕੀਤਾ ਪੱਤਰ ਜਿਸ ਰਾਹੀਂ ਗਰੁੱਪ ਏ ਅਤੇ ਗਰੁੱਪ ਬੀ ਦੇ ਕਰਮਚਾਰੀਆਂ ਦੀ ਸਲਾਨਾ ਤਰੱਕੀ ਡਾਇਰੈਕਟੋਰੇਟ ਪੱਧਰ ’ਤੇ ਕਰਨ ਤੇ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਖਿਲਾਫ ਰੋਸ ਬਰਕਰਾਰ ਹੈ। ਮੁਲਾਜ਼ਮਾਂ ਵਿੱਚ ਭਾਰੀ ਰੋਸ ਹੋਣ ਕਾਰਨ ਅੱਜ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਨੂੰ ਆਪਣਾ ਨਗਰ ਨਿਗਮ ਪਟਿਆਲਾ ਦਾ ਦੋਰਾ ਵੀ ਰੱਦ ਕਰਨਾ ਪਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਵੱਲੋਂ ਜਿਥੇ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਚੰਡੀਗੜ੍ਹ ਦੇ ਖਿਲਾਫ ਨਾਹਰੇਬਾਜ਼ੀ ਕੀਤੀ ਗਈ ਉਥੇ ਹੀ ਕਮਿਸ਼ਨਰ ਨਗਰ ਨਿਗਮ ਪਟਿਆਲਾ ਦੇ ਖਿਲਾਫ ਵੀ ਨਾਹਰੇਬਾਜੀ ਕੀਤੀ ਗਈ, ਕਿਉਂਜੋ ਕਮਿਸ਼ਨਰ ਨਗਰ ਨਿਗਮ ਪਟਿਆਲਾ ਵੱਲੋਂ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨਾਲ ਫੀਲਡ ਵਿੱਚ ਹੋ ਰਹੀ ਬਦਸਲੂਕੀ ਅਤੇ ਨਾਜਾਇਜ਼ ਉਸਾਰੀ ਕਰਨ ਵਾਲੇ ਵਿਅਕਤੀਆਂ ਖਿਲਾਫ ਕੋਈ ਵੀ ਠੋਸ ਕਾਨੂੰਨੀ ਕਾਰਵਾਈ ਨਾ ਕਰਨ ’ਤੇ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਉਕਤ ਰੋਸ ਦੇ ਮੱਦੇ-ਨਜ਼ਰ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਪਿਛਲੇ ਦੋ ਦਿਨ ਤੋਂ ਸਮੂਹਿਕ ਛੁੱਟੀ ਤੇ ਚਲੇ ਗਏ ਹਨ। ਯੂਨੀਅਨ ਵੱਲੋਂ ਮੰਚ ਤੋਂ ਜਿਥੇ ਪੰਜਾਬ ਸਰਕਾਰ ਖਿਲਾਫ ਰੋਸ ਦਿਖਾਇਆ ਗਿਆ, ਉਥੇ ਹੀ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਯੂਨੀਅਨ ਕਮਿਸ਼ਨਰ ਨਗਰ ਨਿਗਮ ਪਟਿਆਲਾ ਖਿਲਾਫ ਸੰਘਰਸ਼ ਕਰਨ ਤੋਂ ਪਰਹੇਜ ਨਹੀਂ ਕਰੇਗੀ। ਇਸ ਧਰਨੇ ਨੂੰ ਸ੍ਰੀ ਪਵਿੱਤਰ ਸਿੰਘ (ਜ਼ਿਲ੍ਹਾ ਪ੍ਰਧਾਨ, ਭਾਰਤੀ ਮਜ਼ਦੂਰ ਸੰਘ, ਪਟਿਆਲਾ), ਸ੍ਰੀ ਰਮਿੰਦਰਪ੍ਰੀਤ ਸਿੰਘ, ਸ੍ਰੀ ਜਸਬੀਰ ਸਿੰਘ, ਸ੍ਰੀ ਗੁਰਮੇਲ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਹਰਪਾਲ ਸਿੰਘ, ਸ੍ਰੀ ਸੀਤਾ ਰਾਮ (ਪ੍ਰਧਾਨ ਡਰਾਇਵਰ ਯੂਨੀਅਨ), ਸ੍ਰੀ ਪਰਦੀਪ ਪੂਰੀ, ਸ੍ਰੀ ਮੁਨੀਸ਼ ਪੂਰੀ, ਸ੍ਰੀ ਗੁਰਪ੍ਰੀਤ ਸਿੰਘ ਚਾਵਲਾ, ਸ੍ਰੀ ਗੋਲਡੀ ਕਲਿਆਣ, ਸ੍ਰੀ ਜਸਪਾਲ ਸਿੰਘ ਖਰੋੜ, ਸ੍ਰੀ ਸੁਭਾਸ਼ ਚੰਦ, ਸ੍ਰੀ ਸੁਰਜੀਤ ਸਿੰਘ, ਸ੍ਰੀ ਕਸ਼ਮੀਰ ਚੰਦ, ਸ੍ਰੀ ਨਿਤੇਸ਼ ਮਹਿਤਾ, ਸ੍ਰੀ ਮੁਕੁਲ ਗੁਪਤਾ, ਸ੍ਰੀ ਅੰਕੁਸ਼ ਕੁਮਾਰ, ਸ੍ਰੀਮਤੀ ਅਮਰਿੰਦਰ ਕੌਰ, ਸ੍ਰੀਮਤੀ ਜਸਕੀਰਤ ਕੌਰ, ਸ੍ਰੀਮਤੀ ਮਨਪ੍ਰੀਤ ਕੌਰ, ਸ੍ਰੀਮਤੀ ਅੰਜਨਾ ਕੁਮਾਰੀ ਆਦਿ ਮੁਲਾਜ਼ਮ ਧਰਨੇ ਵਿੱਚ ਹਾਜ਼ਰ ਰਹੇ।