ਮੀਤ ਹੇਅਰ ਨੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ
ਚੰਡੀਗੜ੍ਹ : ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਾਰ ਹੈਲਥ ਸਾਇੰਸਜ਼ ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਅਤੇ ਹੱਡੀਆਂ ਦੇ ਮਾਹਿਰ ਡਾ. ਐਸ.ਐਸ.ਗਿੱਲ ਨਮਿੱਤ ਅੰਤਿਮ ਸੰਸਕਾਰ ਮੌਕੇ ਸੇਜਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਡਾ. ਗਿੱਲ ਜੋ 77 ਵਰ੍ਹਿਆਂ ਦੇ ਸਨ, ਅੱਜ ਮੁਹਾਲੀ ਵਿਖੇ ਸੰਖੇਪ ਬਿਮਾਰੀ ਉਪਰੰਤ ਚੱਲ ਵਸੇ।
ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੈਕਟਰ 25 ਸਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਡਾ. ਗਿੱਲ ਦੇ ਤੁਰ ਜਾਣ ਨਾਲ ਮੈਡੀਕਲ ਸਿੱਖਿਆ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਹ ਜਿੱਥੇ ਹੱਡੀਆਂ ਦੇ ਮਾਹਿਰ ਡਾਕਟਰ ਅਤੇ ਕੁਸ਼ਲ ਪ੍ਰਸ਼ਾਸਕ ਸਨ ਉਥੇ ਇਕ ਵਧੀਆ ਅਤੇ ਜ਼ਮੀਨ ਨਾਲ ਜੁੜੇ ਇਨਸਾਨ ਸਨ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲੇ ਦੇ ਛੋਟੇ ਜਿਹੇ ਪਿੰਡ ਦਾਨਗੜ੍ਹ ਦੇ ਜੰਮਪਲ ਡਾ. ਗਿੱਲ ਨੇ ਆਪਣੀ ਵਿਦਵਤਾ ਅਤੇ ਹਲੀਮੀ ਨਾਲ ਵੱਡੀ ਪਛਾਣ ਬਣਾਈ। ਉਹ ਪੀ.ਜੀ.ਆਈ. ਚੰਡੀਗੜ੍ਹ ਵਿਖੇ ਵੀ ਹੱਡੀਆਂ ਦੇ ਰੋਗਾਂ ਦੇ ਵਿਭਾਗ ਦੇ ਮੁਖੀ ਰਹੇ ਹਨ।
ਮੀਤ ਹੇਅਰ ਨੇ ਡਾ.ਗਿੱਲ ਦੀ ਪਤਨੀ ਅਮਰਜੀਤ ਕੌਰ, ਪੁੱਤਰ ਨੂਰ ਸ਼ੇਰਗਿੱਲ ਤੇ ਬੇਟੀ ਨੂਰਇੰਦਰ ਅਤੇ ਭਤੀਜੀ ਪਰਨੀਤ ਸ਼ੇਰਗਿੱਲ ਜੋ ਕਿ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਨਾਲ ਹਮਦਰਦੀ ਕਰਦਿਆਂ ਪੰਜਾਬ ਸਰਕਾਰ ਤਰਫੋਂ ਦੁੱਖ ਸਾਂਝਾ ਕੀਤਾ। ਉਨ੍ਹਾਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਅਤੇ ਅੱਗੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਇਸ ਮੌਕੇ ਮੈਡੀਕਲ ਸਿੱਖਿਆ, ਡਾਕਟਰੀ, ਸਮਾਜਿਕ, ਰਾਜਸੀ ਖੇਤਰ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਵੱਡੀ ਗਿਣਤੀ ਵਿੱਚ ਲੋਕ, ਸੰਸਥਾਵਾਂ ਦੇ ਮੁਖੀ, ਸਾਹਿਤਕਾਰ, ਪੱਤਰਕਾਰ ਅਤੇ ਦਾਨਗੜ੍ਹ ਪਿੰਡ ਦੇ ਵਸਨੀਕ ਹਾਜ਼ਰ ਸਨ।