ਪਟਿਆਲਾ, (ਦਲਜਿੰਦਰ ਸਿੰਘ) : ਨਦੀ ਵਿਚ ਛਾਲ ਮਾਰ ਕੇ ਮਰਨ ਵਾਲੇ ਦੋ ਨੌਜਵਾਨਾਂ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਪੁਲਿਸ ਨੇ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਨਸ਼ਾ ਮੁਕਤੀ ਕੇਂਦਰ ਦੇ ਸੁਪਰਵਾਈਜ਼ਰ ਸਮੇਤ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮਰਨ ਵਾਲੇ ਦੋ ਨੌਜਵਾਨਾਂ ਦੀ ਪਛਾਣ ਸਾਹਿਲ ਤੇ ਗੋਪੀ ਵਜੋਂ ਹੋਈ ਹੈ ਤੇ ਤੀਸਰੇ ਨੌਜਵਾਨ ਦੀ ਲਾਸ਼ ਵੀ ਨਦੀ ਵਿਚੋਂ ਬਰਾਮਦ ਹੋ ਗਈ ਹੈ।
ਥਾਣਾ ਮੁਖੀ ਸੁਖਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸਾਹਿਲ ਤੇ ਗੋਪੀ ਵਾਸੀ ਧੀਰੂ ਨਗਰ, ਪਟਿਆਲਾ ਵਜੋਂ ਹੋਈ ਹੈ। ਸਾਹਿਲ ਦੇ ਪਿਤਾ ਦੀ ਸ਼ਿਕਾਇਤ ’ਤੇ ਅੰਬਾਲਾ ਦੇ ਨਸ਼ਾ ਮੁਕਤੀ ਕੇਂਦਰ ਦੇ ਸੁਪਰਵਾਈਜ਼ਰ ਵਿੱਕੀ ਰਾਜਪੂਤ, ਕਾਕਾ, ਸੈਮੀ ਤੇ ਮੋਹਿਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਨਸ਼ਾ ਮੁਕਤੀ ਕੇਂਦਰ ਦਾ ਕਰਮਚਾਰੀ ਹੈ ਤੇ ਬਾਕੀਆਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਇਕ ਹੋਰ ਲਾਸ਼ ਮਿਲਣ ਦੇ ਸਵਾਲ ’ਤੇ ਥਾਣਾ ਮੁਖੀ ਨੇ ਕਿਹਾ ਕਿ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਬੀਤੀ ਸ਼ਾਮ ਨਸ਼ਾ ਮੁਕਤੀ ਕੇਂਦਰ ਵਿਚੋਂ ਭੱਜੇ ਪੰਜ ਨੌਜਵਾਨ ਸਨੌਰੀ ਅੱਡੇ ਕੋਲ ਵੱਡੀ ਨਦੀ ਕੋਲ ਜਾ ਰਹੇ ਸਨ, ਜਿਨ੍ਹਾਂ ਦਾ ਤਿੰਨ ਕਾਰਾਂ ਵਿਚ ਸਵਾਰ ਲੋਕ ਪਿੱਛਾ ਕਰ ਰਹੇ ਸਨ। ਆਪਣੇ ਆਪ ਨੂੰ ਫੜਿਆ ਜਾਂਦਾ ਦੇਖ ਚਾਰ ਨੌਜਵਾਨਾਂ ਨੇ ਇਕ ਤੋਂ ਬਾਅਦ ਇਕ ਵੱਡੀ ਨਦੀ ਵਿਚ ਛਾਲ ਮਾਰ ਦਿੱਤੀ। ਜਿਸ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ ’ਤੇ ਮੋਜੂਦ ਲੋਕਾਂ ਅਨੁਸਾਰ ਨਦੀ ਵਿਚ ਛਾਲ ਮਾਰਨ ਵਾਲਾ ਇਕ ਨੌਜਵਾਨ ਨਦੀ ਪਾਰ ਕਰ ਗਿਆ ਤੇ ਇਕ ਨੂੰ ਕੁਝ ਲੋਕਾਂ ਨੇ ਸਹੀ ਸਲਾਮਤ ਬਾਹਰ ਕੱਢ ਲਿਆ ਤੇ ਦੋ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਦੀ ਦੇਰ ਸ਼ਾਮ ਗੋਤਾਖੋਰਾਂ ਨੇ ਨਦੀ ਵਿਚੋਂ ਕੱਢ ਲਈਆਂ ਤੇ ਮੰਗਲਵਾਰ ਦੀ ਸ਼ਾਮ ਇਕ ਹੋਰ ਲਾਸ਼ ਵੀ ਬਰਾਮਦ ਹੋਈ ਹੈ।