ਮਾਪਿਆਂ ਨੂੰ ਬਿਨਾਂ ਦੱਸੇ ਕਰਨ ਲੱਗੇ ਸਸਕਾਰ, ਮੌਕੇ ਉਤੇ ਪਹੁੰਚੇ ਪੇਕੇ, ਹੋਵੇਗੀ ਕਾਰਵਾਈ
ਨਾਭਾ , (ਦਲਜਿੰਦਰ ਸਿੰਘ) : ਪਟਿਆਲੇ ਜ਼ਿਲ੍ਹੇ ਦੇ ਅਲੌਹਰਾਂ ਗੇਟ ਨਾਭਾ ਦੀ ਰਹਿਣ ਵਾਲੀ ਔਰਤ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਦੇਹ ਦਾ ਸਸਕਾਰ ਕਰ ਦਿੱਤਾ। ਇਸ ਬਾਰੇ ਜਦੋਂ ਮ੍ਰਿਤਕ ਦੇ ਪੇਕੇ ਪਰਿਵਾਰ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਤੁਰੰਤ ਸ਼ਮਸ਼ਾਨਘਾਟ ਵਿਖੇ ਪਹੁੰਚ ਕੇ ਚਿਖਾ ਉਤੇ ਪਾਣੀ ਪਾ ਕੇ ਅੱਗ ਬੁਝਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਅੱਧੀ ਸੜੀ ਹੋਈ ਦੇਹ ਨੂੰ ਚਿਖਾ ਤੋਂ ਚੁੱਕ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ। ਇਸ ਸਬੰਧੀ ਪੁਲਿਸ ਨੇ ਸਹੁਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਦੋਂ ਪੇਕਿਆਂ ਵਾਲੇ ਸ਼ਮਸ਼ਾਨਘਾਟ ਵਿਚ ਪਹੁੰਚੇ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਮ੍ਰਿਤਕ ਪਰਮਜੀਤ ਕੌਰ ਉਮਰ 23 ਸਾਲ ਦੀ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਹੈ। ਭਰਾ ਸੁਰਜੀਤ ਸਿੰਘ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਤੇ ਪਰਮਜੀਤ ਕੌਰ ਦੇ ਪਤੀ ਨਿੰਮਾ, ਸੱਸ ਰੇਖਾ, ਸਹੁਰਾ ਜੱਗਾ, ਨਣਦ ਅੰਜੂ ਤੇ ਸਪਨਾ ਅਤੇ ਚਾਚੇ ਸਹੁਰੇ ਕਸ਼ਮੀਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਭਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ ਭੈਣ ਪਰਮਜੀਤ ਕੌਰ ਦਾ ਵਿਆਹ ਨਵੰਬਰ 2021 ਨੂੰ ਨਿੰਮਾ ਰਾਮ ਨਾਲ ਹੋਇਆ ਸੀ। ਪਰ ਵਿਆਹ ਤੋਂ ਬਾਅਦ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਿਆ। 12 ਅਕਤੂਬਰ ਨੂੰ ਸ਼ਾਮ 4 ਵਜੇ ਸੁਰਜੀਤ ਸਿੰਘ ਨੂੰ ਪਰਮਜੀਤ ਕੌਰ ਦੇ ਚਾਚਾ ਸਹੁਰੇ ਕਸ਼ਮੀਰ ਸਿੰਘ ਦਾ ਫੋਨ ਆਇਆ ਸੀ। ਜਿਨ੍ਹਾਂ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਮੌਤ ਹੋ ਗਈ ਹੈ। ਸੰਗਰੂਰ ਦੀ ਰਾਮਨਗਰ ਬਸਤੀ ਦਾ ਰਹਿਣ ਵਾਲਾ ਸੁਰਜੀਤ ਸਿੰਘ ਆਪਣੀ ਭੈਣ ਦੀ ਮੌਤ ਦੀ ਸੂਚਨਾ ਮਿਲਦੇ ਹੀ ਨਾਭਾ ਲਈ ਰਵਾਨਾ ਹੋ ਗਿਆ।
ਜਦੋਂ ਉਹ ਨਾਭਾ ਪਹੁੰਚਿਆ ਤਾਂ ਦੋਸ਼ੀ ਅੰਜੂ ਅਤੇ ਸਪਨਾ ਨੇ ਦੱਸਿਆ ਕਿ ਉਹ ਪਰਮਜੀਤ ਕੌਰ ਨੂੰ ਹਸਪਤਾਲ ਲੈ ਕੇ ਗਏ ਹਨ। ਉਹ ਆਪਣੀ ਭੈਣ ਦੀ ਭਾਲ ਵਿੱਚ ਹਸਪਤਾਲ ਵੱਲ ਭੱਜਿਆ। ਉਸ ਨੂੰ ਆਪਣੀ ਭੈਣ ਹਸਪਤਾਲ ਵਿਚ ਕਿਤੇ ਨਜ਼ਰ ਨਹੀਂ ਆਈ ਅਤੇ ਨਾ ਹੀ ਉਸ ਦਾ ਕੋਈ ਪਤਾ ਮਿਲਿਆ। ਇਸ ਦੌਰਾਨ ਕਿਸੇ ਨੇ ਉਸ ਨੂੰ ਦੱਸਿਆ ਕਿ ਪਰਮਜੀਤ ਕੌਰ ਦੀ ਮੌਤ ਤੋਂ ਬਾਅਦ ਉਸ ਦੇ ਸਹੁਰੇ ਉਸ ਨੂੰ ਅੰਤਿਮ ਸਸਕਾਰ ਲਈ ਸ਼ਮਸ਼ਾਨਘਾਟ ਲੈ ਗਏ ਹਨ। ਜਦੋਂ ਉਹ ਸ਼ਮਸ਼ਾਨਘਾਟ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਦੋਸ਼ੀਆਂ ਨੇ ਉਸ ਦੀ ਭੈਣ ਦੀ ਚਿਖਾ ਨੂੰ ਅੱਗ ਲਗਾ ਦਿੱਤੀ ਹੈ।
ਉਸ ਨੇ ਆਪਣੀ ਭੈਣ ਦੀ ਚਿਖਾ ਨੂੰ ਜਲਦੀ ਦੇਖ ਕੇ ਉਸ ਨੇ ਤੁਰੰਤ ਪਾਣੀ ਪਾ ਕੇ ਬੁਝਾਉਣਾ ਸ਼ੁਰੂ ਕਰ ਦਿੱਤਾ। ਕਿਉਂਕਿ ਭੈਣ ਦੇ ਸਹੁਰਿਆਂ ਨੇ ਉਸ ਨੂੰ ਅੰਤਿਮ ਸਸਕਾਰ ਬਾਰੇ ਜਾਣਕਾਰੀ ਤੱਕ ਨਹੀਂ ਦਿੱਤੀ ਸੀ। ਉਸ ਦੀ ਭੈਣ ਦਾ ਕਤਲ ਕਰਕੇ ਦੇਹ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਭਾਈ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਭੈਣ ਦੀ ਚਿਖਾ ਨੂੰ ਬਲਣ ਤੋਂ ਰੋਕਣ ਲਈ ਪਾਣੀ ਪਾ ਰਿਹਾ ਸੀ ਤਾਂ ਦੋਸ਼ੀਆਂ ਨੇ ਉਸ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ ਉਤੇ ਪਹੁੰਚ ਕੇ ਚਿਖਾ ਨੂੰ ਬੁਝਾਇਆ ਅਤੇ ਅੱਧ ਸੜੀ ਦੇਹ ਨੂੰ ਬਾਹਰ ਕੱਢਿਆ। ਇਸ ਦੌਰਾਨ ਥਾਣਾ ਕੋਤਵਾਲੀ ਨਾਭਾ ਦੀ ਪੁਲਿਸ ਮੌਕੇ ਤੇ ਪਹੁੰਚ ਗਈ।