ਪਟਿਆਲਾ, (ਦਲਜਿੰਦਰ ਸਿੰਘ) : ਪਟਿਆਲਾ ਦੇ ਫੋਕਲ ਪੁਆਇੰਟ ਅਧੀਨ ਆਉਦੇ ਪਿੰਡ ਦੌਲਤਪੁਰ ਵਿਚ ਸਥਿਤ ਜੀਐੱਸਏ ਇੰਡਸਟਰੀਜ਼ ਨਾਲ ਡੇਢ ਕਰੋੜ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਅਨਾਜ ਮੰਡੀ ਵਿਖੇ ਇੰਡਸਟਰੀਜ਼ ਦੇ ਸ਼ਿਕਾਇਤ ’ਤੇ ਤਰਨਤਾਰਨ ਦੇ ਪਿੰਡ ਪਿੱਦੀ ਵਾਸੀ ਹਰਪ੍ਰੀਤ ਸਿੰਘ ਤੇ ਦਵਿੰਦਰ ਕੌਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ।
ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਾਲ 2021 ਤੋਂ ਵੱਖ-ਵੱਖ ਦਿਨਾਂ ਦੌਰਾਨ ਕੰਪਨੀ ਤੋਂ ਖੇਤੀਬਾੜੀ ਦੇ ਯੰਤਰ ਖ਼ਰੀਦੇ ਤੇ ਰਕਮ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ ਸੀ। ਖ਼ਰੀਦ ਕੀਤੀਆਂ ਗਈਆਂ ਮਸ਼ੀਨਾਂ ਦੀ ਰਕਮ ਤਕਰੀਬਨ 1 ਕਰੋੜ 53 ਲੱਖ ਤੋਂ ਵੱਧ ਬਣ ਗਈ ਤਾਂ ਕਈ ਵਾਰ ਰਕਮ ਮੰਗਣ ’ਤੇ ਬਹਾਨੇ ਲਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਹਰਪ੍ਰੀਤ ਸਿੰਘ ਨੇ ਦੋ ਚੈੱਕ ਪੰਜਾਬ ਐਂਡ ਸਿੰਧ ਬੈਂਕ ਦੇ ਦਿੱਤੇ ਸਨ। ਕੰਪਨੀ ਨੇ ਦੋਵੇਂ ਚੈੱਕ ਲਗਾਏ ਤਾਂ ਮੁਲਜ਼ਮਾਂ ਦੇ ਖਾਤੇ ਵਿਚ ਪੈਸੇ ਨਾ ਹੋਣ ਕਰ ਕੇ ਬਾਊਂਸ ਹੋ ਗਏ। ਵਕੀਲ ਰਾਹੀਂ ਭੇਜੇ ਨੋਟਿਸਾਂ ਦਾ ਸਮਾਂ ਪੂਰਾ ਹੋਣ ’ਤੇ ਵੀ ਅਦਾਇਗੀ ਨਹੀਂ ਕੀਤੀ ਗਈ।
ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਹਰਪ੍ਰੀਤ ਸਿੰਘ ਤੇ ਦਵਿੰਦਰ ਕੌਰ ਵੱਲੋਂ ‘ਢਿੱਲੋਂ ਟਰੇਡਿੰਗ ਕੰਪਨੀ’ ਚਲਾਈ ਜਾ ਰਹੀ ਹੈ। ਜਿਨ੍ਹਾਂ ਨੇ ਜੀਐੱਸਏ ਇੰਡਸਟਰੀ ਪਿੰਡ ਦੌਲਤਪੁਰ ਤੋਂ ਖੇਤੀਬਾੜੀ ਲਈ ਤਿਆਰ ਕੀਤੀ ਮਸ਼ੀਨਰੀ ਲੈ ਕੇ ਅੱਗੇ ਵੇਚਣ ਸਬੰਧੀ ਸਮਝੌਤਾ ਕੀਤਾ ਸੀ। ਇਲਜ਼ਾਮ ਮੁਤਾਬਕ ਅਕਤੂਬਰ 2022 ਤੋਂ ਬਾਅਦ ਮੁਲਜ਼ਮ, ਜੀਐੱਸਏ ਇੰਡਸਟਰੀ ਤੋਂ ਮਸ਼ੀਨਾਂ ਲੈ ਕੇ ਜਾਂਦਾ ਰਿਹਾ ਪਰ ਇਨ੍ਹਾਂ ਮਸ਼ੀਨਾਂ ਦੀ ਅਦਾਇਗੀ ਕਰਨੀ ਬੰਦ ਕਰ ਦਿੱਤੀ ਸੀ। ਮਾਰਚ 2023 ਤੱਕ ਕਰੀਬ 1 ਕਰੋੜ 65 ਲੱਖ 98 ਹਜ਼ਾਰ 865 ਰੁਪਏ ਦੀਆਂ ਮਸ਼ੀਨਾਂ ਖ਼ਰੀਦ ਲਈਆਂ ਸਨ ਪਰ ਅਦਾਇਗੀ ਨਹੀਂ ਕੀਤੀ ਗਈ।