ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ. ਰਾਮਿੰਦਰ ਕੌਰ ਨੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ 'ਤੇ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਨਿਰੀਖਣ ਕੀਤਾ ਹੈ। ਉਨ੍ਹਾਂ ਨੇ ਇਸ ਬਾਰੇ ਕਿਹਾ ਕਿ ਅਜਿਹੀ ਉਨ੍ਹਾਂ ਸਮੇਤ ਜ਼ਿਲ੍ਹੇ ਦੇ ਸਾਰੇ ਐਸ.ਐਮ.ਓਜ ਵੱਲੋਂ ਅਚਨਚੇਤ ਚੈਕਿੰਗ ਸ਼ੁਰੂ ਤੋਂ ਹੀ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗੀ, ਤਾਂ ਕਿ ਕਿਸੇ ਆਮ ਆਦਮੀ ਕਲੀਨਿਕ ਦੀ ਓਪੀਡੀ ਵਿੱਚ ਨਿਯਮਾਂ ਤੋਂ ਬਾਹਰ ਜਾ ਕੇ ਮਰੀਜਾਂ ਦੀ ਕੋਈ ਵਾਧੂ ਰਜਿਸਟ੍ਰੇਸ਼ਨ ਨਾ ਦਿਖਾਈ ਜਾ ਸਕੇ।
ਨਿਯਮਾਂ ਤੋਂ ਬਾਹਰ ਜਾ ਕੇ ਮਰੀਜਾਂ ਦੀ ਵਾਧੂ ਰਜਿਸਟ੍ਰੇਸ਼ਨ ਸਾਹਮਣੇ ਆਉਣ 'ਤੇ ਹੋਵੇਗੀ ਕਾਰਵਾਈ : ਡਾ. ਰਾਮਿੰਦਰ ਕੌਰ
ਡਾ. ਰਾਮਿੰਦਰ ਕੌਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪਹਿਲਾਂ ਹੀ ਸਾਰੇ ਆਮ ਆਦਮੀ ਕਲੀਨਿਕਾਂ ਦੇ ਕਲੀਨਿਕ ਸਹਾਇਕਾਂ ਨੂੰ ਇੱਕ ਪੱਤਰ ਵੀ ਜਾਰੀ ਕੀਤਾ ਹੋਇਆ ਹੈ ਕਿ ਕਲੀਨਿਕਾਂ ਦ ਓਪੀਡੀ ਵਿੱਚ ਕੋਈ ਫਾਲਤੂ/ਫੇਕ ਜਾਂ ਨਿਯਮਾਂ ਤੋਂ ਬਾਹਰ ਜਾ ਕੇ ਮਰੀਜਾਂ ਦੀ ਰਜਿਸਟ੍ਰੇਸ਼ਨ ਨਾ ਦਿਖਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਫੇਰ ਵੀ ਕਿਸੇ ਆਮ ਆਦਮੀ ਕਲੀਨਿਕ ਵਿੱਚ ਅਜਿਹਾ ਸਾਹਮਣੇ ਆਇਆ ਤਾਂ ਸਬੰਧਤ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ 58 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਇਲਾਜ ਕਰਵਾਉਣ ਲਈ ਆਉਣ ਵਾਲੇ ਸਾਰੇ ਮਰੀਜਾਂ ਦਾ ਰਿਕਾਰਡ ਆਨਲਾਈਨ ਰੱਖਿਆ ਜਾਂਦਾ ਹੈ, ਇਸ ਲਈ ਇਸ ਨੂੰ ਸਮੇਂ-ਸਮੇਂ 'ਤੇ ਚੈਕ ਕੀਤਾ ਜਾਂਦਾ ਹੈ ਤਾਂ ਕਿ ਇਸ ਵਿੱਚ ਮਰੀਜਾਂ ਦੀ ਕੋਈ ਵਾਧੂ ਜਾਂ ਫਾਲਤੂ ਤੇ ਨਿਯਮਾਂ ਤੋਂ ਬਾਹਰ ਜਾਕੇ ਐਂਟਰੀ ਨਾ ਦਿਖਾਈ ਜਾ ਸਕੇ।