ਸੁਨਾਮ, (ਦਰਸ਼ਨ ਸਿੰਘ ਚੌਹਾਨ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਘਾਟ ਦਾ ਮੁੱਦਾ ਚੁੱਕਿਆ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਸਰਕਾਰ ਕਿਸਾਨੀ ਮਸਲਿਆਂ ਵੱਲ ਧਿਆਨ ਕੇਂਦਰਿਤ ਕਰਨ ਨੂੰ ਯਕੀਨੀ ਬਣਾਵੇ। ਐਤਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕਣਕ ਦੀ ਬਿਜਾਈ ਲਈ ਲੋੜੀਂਦੀ ਡੀਏਪੀ ਖਾਦ ਦੀ ਘਾਟ ਨੇ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਉਂਜ ਉਨ੍ਹਾਂ ਕਿਹਾ ਕਿ ਡੀਏਪੀ ਦੀ ਥੁੜ ਕਾਰਨ ਖਰੀਦਦਾਰ ਕਿਸਾਨਾਂ ਨੂੰ ਹੋਰ ਬੇਲੋੜਾ ਸਮਾਨ ਨਾਲ ਦੇਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਲੇਕਿਨ ਮਾਮਲਾ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਡੀਏਪੀ ਤੇ ਕੀਤੀ ਜਾ ਰਹੀ ਲੁੱਟ ਕਦੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦਾ ਸੀਜਨ ਜੋਰਾਂ ਤੇ ਹੈ ਮੰਡੀਆਂ ਦੇ ਵਿੱਚ ਝੋਨਾ ਵੱਡੀ ਪੱਧਰ ਦੇ ਪਹੁੰਚ ਰਿਹਾ ਹੈ ਪ੍ਰੰਤੂ ਸਰਕਾਰ ਦੇ ਕਾਇਦੇ ਕਾਨੂੰਨ ਮੁਤਾਬਕ ਜੋ ਕਿਸਾਨ ਦੀ ਝੋਨੇ ਦੀ ਢੇਰੀ ਹੈ ਕਿਸਾਨ ਉਸ ਕੋਲ ਖੜਕੇ ਅੰਗੂਠਾ ਲਾਵੇਗਾ ਤਦ ਕਿਸਾਨ ਦੀ ਝੋਨੇ ਦੀ ਬੋਲੀ ਹੋਵੇਗੀ ਪ੍ਰੰਤੂ ਵੱਡੀ ਸਮੱਸਿਆ ਕਿਸਾਨ ਵਾਸਤੇ ਖੜੀ ਕੀਤੀ ਹੈ। ਉਨ੍ਹਾਂ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਕਿਸੇ ਨੂੰ ਜਿੰਮੇਵਾਰੀ ਦੇਕੇ ਫ਼ਸਲ ਮੰਡੀਆਂ ਵਿੱਚ ਵੇਚਣ ਲਈ ਵੀ ਭੇਜ ਸਕਦਾ ਹੈ ਜਾਂ ਵੱਡੀ ਪੱਧਰ ਤੇ ਕਿਸਾਨ ਠੇਕੇ ਤੇ ਜਮੀਨਾਂ ਲੈ ਕੇ ਵਾਹੀ ਕਰਦੇ ਹਨ ਇਸ ਕਰਕੇ ਸਰਕਾਰ ਵੱਲੋਂ ਕਿਸਾਨਾਂ ਲਈ ਨਵੀਂ ਮੁਸ਼ਕਿਲ ਖੜ੍ਹੀ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਚਿੱਪ ਵਾਲੇ ਮੀਟਰ ਵੱਡੀ ਪੱਧਰ ਤੇ ਲਾਏ ਜਾ ਰਹੇ ਹਨ ਜਿਨ੍ਹਾਂ ਨੂੰ ਲੈਕੇ ਜਨਤਾ ਵਿੱਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ ਅਤੇ ਚਿੱਪ ਵਾਲੇ ਮੀਟਰਾਂ ਦੇ ਰਾਹੀਂ ਲੁੱਟ ਕਰਕੇ ਕਾਰਪੋਰੇਟ ਅਦਾਰਿਆਂ ਦੇ ਮੁਨਾਫੇ ਵਧਾਉਣ ਵੱਲ ਸਰਕਾਰ ਦਾ ਇਸ਼ਾਰਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਸਮੱਸਿਆਵਾਂ ਜਨਤਾ ਦੀ ਲੁੱਟ ਕਰਕੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਵਧਾਉਣ ਵੱਲ ਇਸ਼ਾਰਾ ਹੈ ਜਿਸ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਸੰਘਰਸ਼ ਵੀ ਲੜੇ ਜਾਣਗੇ।ਇਸ ਮੌਕੇ ਬਹਾਲ ਸਿੰਘ ਢੀਡਸਾ , ਗੋਬਿੰਦਰ ਸਿੰਘ ਮੰਗਵਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਰਣਜੀਤ ਸਿੰਘ ਲੌਂਗੋਵਾਲ ,ਹਰਬੰਸ ਸਿੰਘ ਲੱਡਾ, ਬਲਵੀਰ ਸਿੰਘ ਕੌਹਰੀਆਂ,ਜਸਵੰਤ ਸਿੰਘ ਤੋਲੇਵਾਲ, ਰਿੰਕੂ ਮੂਣਕ ,ਧਰਮਿੰਦਰ ਸਿੰਘ ਪਸੋਰ, ਹਰਜੀਤ ਸਿੰਘ ਮਹਿਲਾ ਆਦਿ ਕਿਸਾਨ ਆਗੂ ਹਾਜ਼ਰ ਸਨ ।