ਕਿਹਾ ਮੀਡੀਆ ਕਰਮੀਆਂ ਨੂੰ ਅੰਦਰ ਨਾ ਜਾਣ ਦੇਣਾ ਮੰਦਭਾਗਾ
ਸੁਨਾਮ : ਸੀਪੀਆਈ ਐਮ ਐਲ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਰੱਖੀ ਖੁੱਲ੍ਹੀ ਮਹਾਂਡਿਬੇਟ "ਮੈਂ ਪੰਜਾਬ ਬੋਲਦਾ ਹਾਂ" ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁੱਲ੍ਹੀ ਡਿਬੇਟ ਦਾ ਸੱਦਾ ਦੇਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਾਕੇ ਲੋਕਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਅਤੇ ਆਪਣੇ ਚਹੇਤਿਆਂ ਨੂੰ ਐਂਟਰੀ ਪਾਸ ਜਾਰੀ ਕਰ ਦਿੱਤੇ ਗਏ।
ਮਜ਼ਦੂਰ ਆਗੂ ਗੋਬਿੰਦ ਛਾਜਲੀ ਨੇ ਬੁੱਧਵਾਰ ਨੂੰ ਜਾਰੀ ਕੀਤੇ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਡਰਾਮੇਬਾਜ਼ੀ ਕਰਕੇ ਲੋਕਾਂ ਵੱਲੋਂ ਨਕਾਰੇ ਸਿਆਸੀ ਆਗੂਆਂ ਨੂੰ ਡਿਬੇਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਰਹੇ ਜਦਕਿ ਮਜ਼ਦੂਰਾਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੱਦਣ ਤੋਂ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹਾ ਵਰਤਾਰਾ ਰਚਕੇ ਮਹਿਜ਼ ਇੱਕ ਡਰਾਮਾ ਰਚਿਆ ਗਿਆ ਸੀ, ਡਿਬੇਟ ਤੇ ਕਰੋੜਾਂ ਰੁਪਏ ਦਾ ਖਰਚਾ ਕੀਤਾ ਗਿਆ, ਹਜ਼ਾਰਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਜਿਸ ਕਾਰਨ ਆਮ ਲੋਕਾਂ ਨੂੰ ਡਿਬੇਟ ਵਿੱਚ ਪਹੁੰਚਣ ਨਹੀਂ ਦਿੱਤਾ ਗਿਆ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਜੋ ਅਧਿਆਪਕ ਆਪਣੀਆਂ ਮੰਗਾਂ ਨੂੰ ਲੈਕੇ ਮਹਾਂਡਿਬੇਟ ਦਾ ਹਿੱਸਾ ਬਣਨ ਪਹੁੰਚੇ ਸੀ ਉਨ੍ਹਾਂ ਨੂੰ ਪੁਲਿਸ ਵੱਲੋਂ ਜਬਰੀ ਚੁੱਕਕੇ ਹਿਰਾਸਤ ਵਿੱਚ ਲੈ ਲਿਆ। ਸਰਕਾਰ ਦੀ ਸਭ ਤੋਂ ਘਿਣਾਉਣੀ ਹਰਕਤ ਪੰਜਾਬ ਦੇ ਮੀਡੀਆ ਨਾਲ ਕੀਤੀ ਜਿਨ੍ਹਾ ਨੂੰ ਡਿਬੇਟ ਵਾਲੀ ਜਗ੍ਹਾ ਦੇ ਅੰਦਰ ਦਾਖਲ ਨਹੀਂ ਹੋਣ ਦਿੱਤਾ, ਕਥਿਤ ਤੌਰ ਤੇ ਕੁੱਝ ਇੱਕ ਪਾਰਟੀ ਪ੍ਰਤੀ ਵਫਾਦਾਰ ਟੀ ਵੀ ਚੈਨਲਾਂ ਨੂੰ ਮਹਾਂਡਿਬੇਟ ਦਾ ਲਿੰਕ ਦਿੱਤਾ ਗਿਆ, ਜੋ ਲੋਕਤੰਤਰ ਦੇ ਚੌਥੇ ਥੰਮ ਨਾਲ ਵਰਤਾਓ ਕੀਤਾ ਬਹੁਤ ਨਿੰਦਣਯੋਗ ਹੈ।
ਮਹਾਂ ਡਿਬੇਟ ’ਚ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਕੀਤੀ
ਕਾਮਰੇਡ ਗੋਬਿੰਦ ਛਾਜਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 19 ਮੁੱਦਿਆਂ ਤੇ ਡਿਬੇਟ ਰੱਖੀ ਲੇਕਿਨ ਮਜਦੂਰਾਂ ਦੇ ਮੁੱਦੇ, ਨਸ਼ਿਆਂ ਦਾ ਮੁੱਦਾ ਅਤੇ ਪੰਜਾਬ ਕਾਨੂੰਨ ਵਿਵਸਥਾ ਪ੍ਰਤੀ ਜੁਬਾਨ ਬੰਦ ਕਰੀ ਰੱਖੀ ਆ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਏਨੇ ਸੱਚੇ ਤੇ ਸਾਫ ਸੁਥਰੀ ਨੀਤੀ ਰੱਖਦੇ ਹਨ ਤਾਂ ਉਨ੍ਹਾਂ ਦੂਜੀਆਂ ਪਾਰਟੀਆਂ ਮਹਾਂਡਿਬੇਟ ਦਾ ਹਿੱਸਾ ਬਣਾਉਣ ਦੀ ਬਜਾਏ ਜਨਤਕ ਜਥੇਬੰਦੀਆਂ ਦੇ ਆਗੂਆਂ ਡਿਬੇਟ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਡਿਬੇਟ ਦੌਰਾਨ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਇਸ ਨਾਲ ਆਮ ਆਦਮੀ ਪਾਰਟੀ ਦਾ ਮਜਦੂਰ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ।