ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਵਿਖੇ ਹੋਈ ਇੱਕ ਖੋਜ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਤੋਂ ਪੇਟੈਂਟ ਹਾਸਿਲ ਹੋਇਆ ਹੈ। ਟਾਈਪ-2 ਡਾਇਬਿਟੀਜ਼ (ਸ਼ੂਗਰ) (ਟੀ2ਡੀ) ਦੇ ਪ੍ਰਬੰਧਨ ਵਿੱਚ ਨਵੀਆਂ ਕੈਮੀਕਲ ਐਂਟਿਟੀਜ਼ ਦੇ ਡਿਜ਼ਾਇਨ, ਸਿੰਥੈਸਿਸ ਅਤੇ ਕੰਪਿਊਟੇਸ਼ਨਲ ਵੈਲੀਡੇਸ਼ਨ ਵਿਸ਼ੇ ਉੱਤੇ ਹੋਈ ਇਸ ਖੋਜ ਬਾਰੇ ਪੇਟੈਂਟ ਹਾਸਿਲ ਕਰਨ ਦੀ ਇਹ ਪ੍ਰਕਿਰਿਆ ਇਸ ਖੋਜ ਦੇ ਮੁੱਖ ਖੋਜਕਰਤਾ ਡਾ. ਰਮਨ ਕੁਮਾਰ ਵਰਮਾ ਦੀ ਅਗਵਾਈ ਵਿੱਚ ਖੋਜ ਟੀਮ ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਖੋਜ ਟੀਮ ਵਿੱਚ ਡਾ. ਰਾਜੀਵ ਮੱਲ ਅਤੇ ਡਾ. ਅਮਨਜੋਤ ਸਿੰਘ (ਸਹਿ-ਖੋਜਕਰਤਾ) ਸ਼ਾਮਿਲ ਸਨ।
ਡਾ. ਰਮਨ ਕੁਮਾਰ ਵਰਮਾ ਨੇ ਦੱਸਿਆ ਕਿ ‘ਨੌਵਲ ਇੰਡੋਲ ਡੈਰੀਵੇਟਿਵਜ਼ ਐਜ਼ ਐਂਟੀਡਾਇਬੀਟਿਕ ਏਜੰਟ ਅਤੇ ਇਸਦੀ ਵਿਧੀ’ ਸਿਰਲੇਖ ਵਾਲੀ ਅਰਜ਼ੀ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫਤਰ ਵੱਲੋਂ 20 ਅਕਤੂਬਰ, 2023 ਨੂੰ ਪੇਟੈਂਟ ਪ੍ਰਦਾਨ ਕੀਤਾ ਗਿਆ ਜਿਸ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਯੋਜਨਾ ਅਤੇ ਨਿਰੀਖਣ ਦਫ਼ਤਰ ਵੱਲੋਂ ਇਸ ਬਾਰੇ ਕਾਰਵਾਈ ਕੀਤੀ ਗਈ।
ਪੇਟੈਂਟ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਨ ਲਈ ਖੋਜਕਾਰਾਂ ਦੀ ਇਸ ਟੀਮ ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਗੱਲ ਕਰਦਿਆਂ ਡਾ. ਰਮਨ ਕੁਮਾਰ ਵਰਮਾ, ਜੋ ਕਿ ਪੰਜਾਬੀ ਯੂਨੀਵਰਸਿਟੀ ਤੋਂ ਸੇਵਾਮੁਕਤ ਪ੍ਰੋਫੈਸਰ ਅਤੇ ਸਾਬਕਾ ਵਿਭਾਗ ਮੁਖੀ ਰਹਿ ਚੁੱਕੇ ਹਨ, ਨੇ ਵਾਈਸ ਚਾਂਸਲਰ ਨੂੰ ਇਸ ਖੋਜ ਬਾਰੇ ਦੱਸਿਆ ਕਿ ਚੂਹਿਆਂ ਉੱਤੇ ਕੀਤੇ ਗਏ ਇਸ ਸੰਬੰਧੀ ਪ੍ਰਯੋਗ ਸਫਲ ਰਹੇ ਹਨ ਜੋ ਕਿ ਉਨ੍ਹਾਂ ਦੇ ਖੂਨ ਵਿੱਚ ਗੁਲੂਕੋਜ਼ ਨੂੰ ਘਟਾਉਣ ਵਿੱਚ ਕਾਮਯਾਬ ਰਹੇ ਅਤੇ ਇਸ ਦੇ ਸਾਈਡ ਇਫ਼ੈਕਟ, ਜਿਵੇਂ ਕਿ ਭਾਰ ਵਧਣਾ, ਵੀ ਘੱਟ ਹਨ। ਇਸ ਮਕਸਦ ਲਈ ਆਮ ਵਰਤੀ ਜਾਂਦੀ ਦਵਾਈ ਰੋਜ਼ਿਗਲਾਈਟੈਕਸੋਨ ਦੇ ਮੁਕਾਬਲੇ ਇਹ ਵਧੇਰੇ ਕਾਰਗਰ ਵਿਧੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੋਜਕਾਰਾਂ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਇਸ ਖੋਜ ਨੂੰ ਅੱਗੇ ਵਧਾਉਣ ਵਿੱਚ ਆਪਣੀ ਦਿਲਚਸਪੀ ਅਤੇ ਉਤਸੁਕਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਖੋਜ ਆਪਣੇ ਆਪ ਵਿੱਚ ਨਵੀਂ ਹੈ ਅਤੇ ਇਸ ਦੀ ਇੰਡਸਟਰੀਅਲ ਐਪਲੀਕੇਬਿਲਟੀ ਬਹੁਤ ਹੈ। ਇਸ ਦੇ ਕਮਰਸ਼ੀਅਲ ਪੱਧਰ ਉੱਤੇ ਜਾਣ ਦੀਆਂ ਬਹੁਤ ਸੰਭਾਵਨਾਵਾਂ ਹਨ। ਇਸ ਲਈ ਕਮਰਸ਼ੀਅਲਾਈਜ਼ੇਨ ਪੱਖੋਂ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਲੋੜ ਹੈ ਤਾਂ ਕਿ ਯੂਨੀਵਰਸਿਟੀ ਅਤੇ ਸਮਾਜ ਨੂੰ ਇਸ ਦਾ ਲਾਭ ਪਹੁੰਚੇ।