ਪਟਿਆਲਾ : - ਅੱਜ ਇਥੇ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਨਵ-ਨਿਯੁਕਤ 22 ਆਂਗਣਵਾੜੀ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਸ ਦੌਰਾਨ ਉਨ੍ਹਾਂ ਦੇ ਨਾਲ ਸੀ ਡੀ ਪੀ ਓ ਪ੍ਰਦੀਪ ਗਿੱਲ, ਆਮ ਆਦਮੀ ਪਾਰਟੀ ਮਹਿਲਾ ਵਿੰਗ ਪ੍ਰਧਾਨ ਵੀਰਪਾਲ ਕੌਰ ਚਹਿਲ, ਬਲਾਕ ਪ੍ਰਧਾਨ ਰੂਬੀ ਭਾਟੀਆ, ਸੋਨੀਆ ਦਾਸ ਮੌਜੂਦ ਸਨ। ਨਿਯੁਕਤੀ ਪੱਤਰ ਵੰਡਣ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਨਿੱਤ ਨੌਜਵਾਨਾਂ ਅਤੇ ਲੜਕੀਆਂ ਨੂੰ ਰੋਜ਼ਗਾਰ ਦੇ ਅਵਸਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਨਵ-ਨਿਯੁਕਤ ਆਂਗਣਵਾੜੀ ਹੈਲਪਰ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਮਾਨਦਾਰੀ ‘ਤੇ ਸਖ਼ਤ ਮਿਹਨਤ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਬਿਨ੍ਹਾਂ ਕਿਸੇ ਸਿਫਾਰਿਸ਼ ਅਤੇ ਰਿਸ਼ਵਤ ਖੋਰੀ ਦੇ ਮੈਰਿਟ ਦੇ ਆਧਾਰ ‘ਤੇ ਲਿਸਟ ਤਿਆਰ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ ਹਨ।
ਵਿਧਾਇਕ ਨੇ ਕਿਹਾ ਕਿ ਪਟਿਆਲਾ ਵਿਖੇ ਜਿਥੇ ਆਂਗਣਵਾੜੀ ਸੈਂਟਰ ਨਹੀਂ ਹਨ, ਉਥੇ ਨਵੇਂ ਆਂਗਣਵਾੜੀ ਸੈਂਟਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ। ਉਨ੍ਹਾਂ ਨੇ ਨਿਯੁਕਤੀ ਪੱਤਰ ਲੈਣ ਵਾਲੇ ਉਮੀਦਵਾਰਾਂ ਨੂੰ ਮਿਹਨਤ ਅਤੇ ਲਗਨ ਦੇ ਨਾਲ ਆਪਣਾ ਕੰਮ ਕਰਨ ਸਬੰਧੀ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਰਕਾਰ ਵਲੋਂ 37 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਨੌਜਵਾਨਾਂ ਵਿੱਚ ਵੀ ਭਾਰੀ ਉਤਸ਼ਾਹ ਹੈ।
ਵਿਧਾਇਕ ਕੋਹਲੀ ਨੇ ਨਿਯੁਕਤੀ ਪੱਤਰ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਮੁਬਾਰਕਬਾਤ ਦਿੰਦਿਆਂ ਕਿਹਾ ਕਿ ਇਹ ਬਹੁਤ ਖੁੱਸ਼ੀ ਦੀ ਗੱਲ ਹੈ ਕਿ ਉਨ੍ਹਾਂ ਨੂੰ ਮੈਰਿਟ ਦੇ ਆਧਾਰ ‘ਤੇ ਨਿਯੁਕਤੀ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨ੍ਹਾਂ ਕਿਸੇ ਭੇਦ-ਭਾਵ ਦੇ ਆਪਣਾ ਕੰਮ ਕਰ ਰਹੀ ਹੈ ਅਤੇ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਰਾਜ ਦੀ ਤਰੱਕੀ ਦੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਨਾਲ ਆਰਥਿਕ ਤੌਰ ‘ਤੇ ਵੀ ਮਜ਼ਬੂਤ ਹੋ ਰਹੀਆਂ ਹਨ, ਜਿਸ ਨਾਲ ਨਾ ਕੇਵਲ ਸਮਾਜ ਵਿੱਚ ਸਨਮਾਨ ਵੱਧਦਾ ਹੈ, ਬਲਕਿ ਆਤਮ ਵਿਸ਼ਵਾਸ਼ ਵੀ ਪੈਦਾ ਹੁੰਦਾ ਹੈ। ਇਸ ਲਈ ਜਿਸ ਤਰਾਂ ਸਰਕਾਰ ਨੇ ਬਿਨਾਂ ਭੇਦ ਭਾਵ ਨੌਕਰੀਆਂ ਦਿੱਤੀਆਂ ਹਨ, ਉਸੇ ਤਰ੍ਹਾਂ ਤੁਸੀਂ ਵੀ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਨਾ ਜਰੂਰੀ ਸਮਝਿਆ ਜਾਵੇ। ਸੀ ਡੀ ਪੀ ਓ ਪ੍ਰਦੀਪ ਗਿੱਲ ਨੇ ਦੱਸਿਆ ਕਿ ਹੁਣ ਤੱਕ ਪਟਿਆਲਾ ਅਰਬਨ ਚ ਕੁੱਲ 45 ਹੈਲਪਰਾਂ ਦੀ ਨਿਯੁਕਤੀ ਹੋ ਚੁੱਕੀ ਹੈ, ਜਿਨ੍ਹਾਂ ਚ 23 ਨੂੰ ਕੁਝ ਦੇਰ ਪਹਿਲਾਂ ਅਤੇ 22 ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਹਨ।