ਉਰਦੂ ਜ਼ੁਬਾਨ ਨੂੰ ਪੰਜਾਬ ਸਰਕਾਰ ਦੇ ਰਹੀ ਹੈ ਪੂਰੀ ਤਵੱਜੋ, ਪੰਜਾਬ ‘ਚ 114 ਸਰਕਾਰੀ, ਗੈਰ ਸਰਕਾਰੀ ਤੇ ਹੋਰਨਾਂ ਸੰਸਥਾਵਾਂ ‘ਚ ਪੜ੍ਹਾਈ ਜਾ ਰਹੀ ਉਰਦੂ ਪੜ੍ਹਾਈ ਜਾ ਰਹੀ- ਵਿਧਾਇਕ ਡਾ. ਜਮੀਲ-ਉਰ-ਰਹਿਮਾਨ
ਮਾਲੇਰਕੋਟਲਾ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੇਖ-ਰੇਖ ‘ਚ ਮਨਾਏ ਜਾ ਰਹੇ ਪੰਜਾਬੀ ਮਾਹ ਤਹਿਤ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਰ ਉਰਦੂ ਅਕਾਦਮੀ ਪੰਜਾਬ ਦੇ ਅਲਾਮਾ ਇਕਬਾਲ ਆਡੀਟੋਰੀਅਮ ਮਾਲੋਰਕੋਟਲਾ ਵਿਖੇ ਮਹਿਫਲ ਏ ਮੁਸ਼ਾਇਰਾ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵਿਧਾਇਕ ਮਾਲੋਰਕੋਟਲਾ ਡਾ. ਜਮੀਲ-ਉਰ ਰਹਿਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਰਦੂ, ਅਰਬੀ ਤੇ ਫਾਰਸੀ ਵਿਭਾਗ ਦੇ ਮੁਖੀ ਡਾ. ਰਹਿਮਾਨ ਅਖਤਰ ਨੇ ਕੀਤੀ। ਇਸ ਮੌਕੇ ਵਿਧਾਇਕ ਮਾਲੇਰਕੋਟਲਾ ਦੀ ਸ਼ਰੀਕ-ਏ-ਹਯਾਤ ਫਰਿਆਲ ਰਹਿਮਾਨ ਨੇ ਵੀ ਸਮੂਲੀਅਤ ਕੀਤੀ ।ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਦੇਖ-ਰੇਖ ‘ਚ ਹੋਏ ਸਮਾਗਮ ਦੌਰਾਨ ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਦੀਆਂ ਉਰਦੂ ਭਾਸ਼ਾ ਸਬੰਧੀ ਸਰਗਰਮੀਆਂ, ਯੋਜਨਾਵਾਂ ਤੇ ਪ੍ਰਾਪਤੀਆਂ ਸਬੰਧੀ ਚਾਨਣਾ ਪਾਇਆ। ਖੋਜ ਅਫਸਰ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਆਏ ਮਹਿਮਾਨਾਂ, ਸ਼ਾਇਰਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ। ਗੁਰਮੇਲ ਸਿੰਘ, ਜਗਦੇਵ ਸਿੰਘ, ਰਵੀ ਤੇ ਧਰੁਵ ਰਹੇਜਾ ਨੇ ਪੁਸਤਕ ਪ੍ਰਦਰਸ਼ਨੀ ਲਗਾਈ। ਵਿਧਾਇਕ ਡਾ. ਜਮੀਲ-ਉਰ-ਰਹਿਮਾਨ ਨੇ ਕਿਹਾ ਕਿ ਇਸ ਸਮੇਂ ਪੰਜਾਬ ‘ਚ 114 ਸਰਕਾਰੀ, ਗੈਰ ਸਰਕਾਰੀ ਤੇ ਹੋਰਨਾਂ ਸੰਸਥਾਵਾਂ ‘ਚ ਉਰਦੂ ਪੜ੍ਹਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਉਰਦੂ ਭਾਸ਼ਾ ਦੇ ਪਸਾਰ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮੁਸ਼ਾਇਰੇ ਜਿੱਥੇ ਉਰਦੂ ਭਾਸ਼ਾ ਦਾ ਪਸਾਰ ਕਰਦੇ ਹਨ ਉਥੇ ਸਮਾਜਿਕ ਸਾਂਝਾ ਵੀ ਪੈਦਾ ਕਰਦੇ ਹਨ। ਇਸ ਕਰਕੇ ਭਾਸ਼ਾ ਵਿਭਾਗ ਦਾ ਇਹ ਉੱਦਮ ਬਹੁਤ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ‘ਚ ਡਿਜ਼ੀਟਲ ਮੀਡੀਆ ਨੇ ਹਰ ਇੱਕ ਭਾਸ਼ਾ ਦਾ ਪਸਾਰ ਕਰਨ ਦੇ ਵੱਡੇ ਮੌਕੇ ਪੈਦਾ ਕੀਤੇ ਹਨ, ਜਿੰਨ੍ਹਾਂ ਦਾ ਫਾਇਦਾ ਉਠਾਉਣਾ ਚਾਹੀਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ‘ਚ ਡਾ. ਰਹਿਮਾਨ ਅਖਤਰ ਨੇ ਉਰਦੂ ਮੁਸ਼ਾਇਰਿਆਂ ਦੀ ਆਰੰਭਤਾ ਤੇ ਪ੍ਰੰਪਰਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਉਰਦੂ ਮੁਸ਼ਾਇਰਿਆਂ ਦੀ ਪ੍ਰੰਪਰਾ ਕੁਤਬ ਸ਼ਾਹ ਦੇ ਜ਼ਮਾਨੇ ਤੋਂ ਸ਼ੁਰੂ ਹੋਈ। ਡਾ. ਰਹਿਮਾਨ ਨੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸੂਬੇ ਭਰ ‘ਚ ਉਰਦੂ ਭਾਸ਼ਾ ਦੇ ਪਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਸ਼ਾ ਵਿਭਾਗ ਨੇ ਹੀ ਪੰਜਾਬ ‘ਚ ਉਰਦੂ ਭਾਸ਼ਾ ਨੂੰ ਸੰਭਾਲਣ ਲਈ ਨਿਰੰਤਰ ਯਤਨ ਜਾਰੀ ਰੱਖੇ ਹੋਏ ਹਨ ਅਤੇ 14 ਜਿਲ੍ਹਾ ਸਦਰ ਮੁਕਾਮਾਂ ‘ਤੇ ਉਰਦੂ ਦੀ ਸਿਖਲਾਈ ਦੇ ਰਿਹਾ ਹੈ।
ਮਹਿਫਲ ਏ ਮੁਸ਼ਾਇਰਾ ਦੌਰਾਨ ਡਾ. ਰੂਬੀਨਾਸ਼ਬਨਮ, ਡਾ. ਅਨਵਰ ਅਹਿਮਦ ਅਨਸਾਰੀ, ਡਾ. ਮੁਹੰਮਦ ਅਸ਼ਰਫ, ਜਨਾਬ ਸਾਜ਼ਿਦ ਇਸਹਾਕ, ਜਨਾਬ ਅਨਵਾਰ ਆਜ਼ਰ, ਡਾ. ਸ਼ਸ਼ੀਕਾਂਤ ਉੱਪਲ ਅਮਰੀਕਾ, ਡਾ. ਮੁਹੰਮਦ ਆਯੂਬ ਖਾਨ, ਜਨਾਬ ਅਜ਼ਮਲ ਖਾਨ ਸ਼ੇਰਵਾਨੀ, ਜਨਾਬ ਰਮਜ਼ਾਨ ਸਈਦ, ਡਾ. ਸਲੀਮ ਜੁਬੈਰੀ, ਜਨਾਬ ਮੁਹੰਮਦ ਸ਼ੋਇਬ ਮਲਿਕ, ਡਾ. ਮੁਹੰਮਦ ਰਫੀ, ਜਨਾਬ ਤਾਜ-ਉ-ਦੀਨ ਤਾਜ਼ ਤੇ ਜਨਾਬ ਮੁਹੰਮਦ ਉਮਰ ਫਾਰੂਕ ਤੇ ਅੰਜੁਮ ਕਾਦਰੀ ਨੇ ਆਪਣੇ ਕਲਾਮ ਪੇਸ਼ ਕੀਤੇ। ਅਖੀਰ ਵਿੱਚ ਮੁੱਖ ਮਹਿਮਾਨ ਵੱਲੋਂ ਸਾਰੇ ਸ਼ਾਇਰਾਂ ਨੂੰ ਸਨਮਾਨਿਤ ਕੀਤਾ ਗਿਆ। ਜਨਾਬ ਅਸ਼ਰਫ ਮਹਿਮੂਦ ਨੰਦਨ ਅਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਸਭ ਦਾ ਧੰਨਵਾਦ ਕੀਤਾ।