ਸਮਾਣਾ -: ਬੀਤੇ ਕੱਲ ਸ਼ਾਮ ਵੇਲੇ ਪਾਤੜਾਂ- ਸਮਾਣਾ ਮੁੱਖ ਸੜਕ ਤੇ ਪਿੰਡ ਕਕਰਾਲਾ ਨਜ਼ਦੀਕ ਨਾਗਰੀ ਨੇੜੇ ਮੋਟਰਸਾਈਕਲ ਅਤੇ ਕੰਬਾਈਨ ਵਿੱਚ ਹੋਈ ਜ਼ਬਰਦਸਤ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਅਤੇ ੳਸ ਨਾਲ ਮੋਟਰਸਾਈਕਲ ਤੇ ਸਵਾਰ ਔਰਤ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੰਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਮਿ੍ਤਕ ਐਲਾਨ ਦਿੱਤਾ ’ਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਔਰਤ ਨੂੰ ਫਸਟਏਡ ਤੋਂ ਬਾਦ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ ।ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਚ ਰਖਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ (24) ਪੁੱਤਰ ਬਲਦੇਵ ਸਿੰਘ ਵਾਸੀ ਕੱਲਰ ਭੈਣੀ ਜੋ ਕਿ ਜਲੰਧਰ ਵਿਖੇ ਫੌਜ ਦੇ 53 ਮੀਡੀਅਮ ਰੈਜੀਮੈਂਟ ਵਿੱਚ ਨੌਕਰੀ ਕਰਦਾ ਸੀ ਅਤੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜ ਦਿਨ ਪਹਿਲਾਂ ਦੋ ਹਫ਼ਤਿਆਂ ਲਈ ਆਪਣੇ ਘਰ ਛੁੱਟੀ ਕੱਟਣ ਆਇਆ ਹੋਇਆ ਸੀ।
ਬੀਤੇ ਕੱਲ੍ਹ ਜਦੋਂ ਉਹ ਪਿੰਡ ਵਾਸੀ ਜਸਵੀਰ ਕੌਰ ਪਤਨੀ ਜੋਧਾ ਸਿੰਘ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੰਡ ਨਾਗਰੀ ਦੇ ਨਜ਼ਦੀਕ ਕੰਬਾਈਨ ਨਾਲ ਮੋਟਰਸਾਈਕਲ ਦੀ ਟੱਕਰ ਹੋ ਗਈ। ਜਿਸ ਕਾਰਨ ਦੋਵੇਂ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਗੁਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਜਸਵੀਰ ਕੌਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਇਆ ਉਸ ਨੂੰ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਦੋਵੇਂ ਵਾਹਨ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਹਾਦਸੇ ਤੋਂ ਬਾਅਦ ਕੰਬਾਈਨ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।