ਨਵੀਂ ਦਿੱਲੀ : ਦੇਸ਼ ਵਿੱਚ ਕਰੋਨਾ (Corona) ਦੀ ਲਾਗ ਦੇ ਨਵੇਂ ਮਾਮਲਿਆਂ ਦੇ ਵੱਧਣ ਕਾਰਨ ਸਥਿਤੀ ਕਾਫ਼ੀ ਗੰਭੀਰ ਬਣਦੀ ਜਾ ਰਹੀ ਹੈ। ਦੇਸ਼ ਵਿੱਚ ਮਿਲੇ ਕਰੋਨਾ ਦੀ ਲਾਗ ਦੇ ਅੰਕੜਿਆਂ ਅਨੁਸਾਰ ਭਾਰਤ (India) ਅਮਰੀਕਾ (America) ਤੋਂ ਬਾਅਦ ਦੂੁਜਾ ਸੱਭ ਤੋਂ ਵੱਧ ਕਰੋਨਾ ਮਾਮਲਿਆਂ ਵਾਲਾ ਦੇਸ਼ ਬਣ ਗਿਆ ਹੈ। ਦੇਸ਼ ਵਿੱਚ ਕਰੋਨਾ ਮਾਮਲਿਆਂ ਦੀ ਰਫ਼ਤਾਰ 9.21 ਫ਼ੀ ਸਦੀ ਦਰਜ ਕੀਤੀ ਗਈ ਹੈ। ਭਾਵ ਇਹ ਹੈ ਕਿ 100 ਲੋਕਾਂ ਪਿਛੇ 9 ਲੋਕ ਕਰੋਨਾ ਪਾਜ਼ੇਟਿਵ ਮਿਲ ਰਹੇ ਹਨ।
ਅਮਰੀਕਾ ਵਿਚ ਪਿਛਲੇ ਸਾਲ ਅਗੱਸਤ ਅਤੇ ਸਿਤੰਬਰ ਵਿੱਚ ਮਾਮਲੇ ਕਾਫ਼ੀ ਤੇਜ਼ੀ ਨਾਲ ਘੱਟਣ ਲੱਗੇ ਸਨ ਅਤੇ ਫਿਰ ਅਕਤੂਬਰ ਵਿੱਚ ਵਾਧਾ ਹੋ ਗਿਆ ਅਤੇ ਦਸੰਬਰ ਵਿੱਚ ਰਿਕਾਰਡ 63.45 ਲੱਖ ਮਰੀਜ਼ ਮਿਲੇ ਸਨ। ਅਮਰੀਕਾ ਵਿੱਚ ਕਰੋਨਾ ਦੀ ਲਾਗ ਵਿਚ ਤੇਜ਼ੀ 24 ਜੁਲਾਈ ਤੋਂ ਦਰਜ ਕੀਤੀ ਗਈ ਸੀ ਅਤੇ ਇਕ ਦਿਨ ਵਿਚ 80 ਹਜ਼ਾਰ ਦੇ ਕਰੀਬ ਮਰੀਜ਼ ਸਾਹਮਣੇ ਆਏ ਸੀ ਜਦਕਿ ਨਵੰਬਰ ਵਿੱਚ ਗਿਣਤੀ ਪ੍ਰਤੀ ਦਿਨ 1 ਲੱਖ ’ਤੇ ਪਹੁੰਚ ਗਈ ਸੀ ਅਤੇ ਫਿਰ 3 ਲੱਖ ਤੱਕ ਦਰਜ ਕੀਤੀ ਗਈ। ਜੇਕਰ ਭਾਰਤ ਦੀ ਸਥਿਤੀ ਵੱਲ ਝਾਤ ਮਾਰੀ ਜਾਵੇ ਤਾਂ ਇਥੇ ਦਸੰਬਰ ਤੋਂ ਫ਼ਰਵਰੀ ਤੱਕ ਕੇਸ ਕਾਫ਼ੀ ਘੱਟ ਸਨ ਪਰ ਮਾਰਚ ਵਿੱਚ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਗਿਣਤੀ 1 ਲੱਖ ਤੱਕ ਜਾ ਢੁੱਕੀ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਹੀ ਖ਼ਤਰਨਾਕ ਹੈ।
ਜ਼ਿਕਰਯੋਗ ਹੈ ਕਿ ਪਿਛਲੇ 24 ਘੰਟਿਆਂ ਵਿਚ ਕਰੀਬ 1 ਲੱਖ 31 ਹਜ਼ਾਰ 968, ਦੇ ਕਰੀਬ ਲੋਕ ਇਸ ਲਾਗ ਤੋਂ ਪ੍ਰਭਾਵਿਤ ਹੋਏ ਮਿਲੇ ਹਨ। ਪਿਛਲੇ ਸਾਲ ਇਸ ਲਾਗ ਦੇ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਇਕ ਦਿਨ ਦੇ ਅੰਦਰ ਮਿਲੇ ਮਰੀਜ਼ਾਂ ਦੀ ਇਹ ਸੱਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਬੁੱਧਵਾਰ ਨੂੰ ਦੇਸ਼ ਵਿੱਚ ਸੱਭ ਤੋਂ ਜ਼ਿਆਦਾ ਮਾਮਲੇ 1 ਲੱਖ 26 ਹਜ਼ਾਰ 276 ਲੋਕ ਇਸ ਲਾਗ ਤੋਂ ਪ੍ਰਭਾਵਿਤ ਮਿਲੇ ਸਨ ਜਦਕਿ ਇਸ ਲਾਗ ਨੰੂ ਮਾਤ ਦੇਣ ਵਾਲਿਆਂ ਦਾ ਅੰਕੜਾ 61 ਹਜ਼ਾਰ 829 ਦੇ ਕਰੀਬ ਰਿਹਾ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ 780 ਦੇ ਕਰੀਬ ਪਾਈ ਗਈ ਹੈ ਜਿਸ ਤੋਂ ਬਾਅਦ ਦੇਸ਼ ਵਿਚ ਲਾਗ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 1,67,642 ਦੇ ਕਰੀਬ ਜਾ ਪਹੁੰਚੀ ਹੈ।
ਇਸ ਲਾਗ ਤੋਂ ਹੁਣ ਤੱਕ 1,19,13,292 ਦੇ ਕਰੀਬ ਲੋਕ ਠੀਕ ਵੀ ਹੋਏ ਹਨ। ਇਸ ਸਮੇਂ ਦੇਸ਼ ਵਿੱਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 9,79,608 ਹੈ ਜੋ ਕਿ ਇਕ ਬਹੁਤ ਵੱਡਾ ਅੰਕੜਾ ਹੈ ਜੋ ਕਿ ਅਮਰੀਕਾ ਤੋਂ ਬਾਅਦ ਦੂਜੇ ਨੰਬਰ ’ਤੇ ਹੈ।