ਫ਼ਤਹਿਗੜ੍ਹ ਸਾਹਿਬ :- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਜ਼ਿਲ੍ਹੇ ਵਿੱਚ ਚੱਲ ਰਹੀ ਸੈਚੁਰੇਸ਼ਨ ਡਰਾਈਵ ਦਾ ਅੱਜ ਕੇਂਦਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਸਲਾਹਕਾਰ ਤੇ ਜੁਆਇੰਟ ਸਕੱਤਰ ਸ਼੍ਰੀ ਨਵੀਨ ਕੁਮਾਰ ਵਿਦਿਆਰਥੀ ਦੀ ਅਗਵਾਈ ਵਾਲੀ ਟੀਮ ਨੇ ਖਮਾਣੋਂ ਬਲਾਕ ਦੇ ਪਿੰਡ ਭਾਂਬਰੀ ਦਾ ਦੌਰਾ ਕਰਕੇ ਸੈਚੁਰੇਸ਼ਨ ਡਰਾਈਵ ਦਾ ਜਾਇਜ਼ਾ ਲਿਆ। ਇਸ ਟੀਮ ਵਿੱਚ ਕੰਸਲਟੈਂਟ ਸ਼੍ਰੀ ਅਮਿਤ ਕੁਮਾਰ ਤੇ ਸ਼੍ਰੀਮਤੀ ਆਸਥਾ ਸ਼ਾਮਲ ਸਨ। ਸ਼੍ਰੀ ਵਿਦਿਆਰਥੀ ਨੇ ਇਸ ਮੌਕੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸੈਚੁਰੇਸ਼ਨ ਡਰਾਈਵ ਦਾ ਵੱਧ ਤੋਂ ਵੱਧ ਲਾਭ ਉਠਾਉਣ ਤਾਂ ਜੋ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਕਿਸਾਨ ਲਾਭ ਲੈ ਸਕਣ। ਉਨ੍ਹਾਂ ਸੈਚੁਰੇਸ਼ਨ ਡਰਾਈਵ ਬਾਰੇ ਜ਼ਿਲ੍ਰੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨਾਲ ਮੀਟਿੰਗ ਵੀ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਰੰਗੀਲ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਹਰੇਕ ਜਮੀਨ ਧਾਰਕ ਕਿਸਾਨ ਪਰਿਵਾਰ ਨੂੰ ਸਲਾਨਾਂ 6,000/-ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦੇ ਲਾਭਪਾਤਰੀ ਦੀ ਜਮੀਨ ਦੀ ਵੈਰੀਫਿਕੇਸ਼ਨ ਨਾ ਹੋਣ ਕਾਰਨ ਜ਼ਿਲ੍ਹੇ ਦੇ ਕੁਝ ਕਿਸਾਨਾਂ ਨੂੰ ਸਕੀਮ ਦਾ ਲਾਭ ਨਹੀਂ ਮਿਲ ਰਿਹਾ ਸੀ ਜਿਸ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ ਸੈਚੁਰੇਸ਼ਨ ਡਰਾਈਵ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਜ਼ਿਲ੍ਰੇ ਦੇ 100 ਫੀਸਦੀ ਯੋਗ ਕਿਸਾਨ ਪਰਿਵਾਰਾਂ ਨੂੰ ਇਸ ਸਕੀਮ ਦਾ ਲਾਭ ਮਿਲ ਸਕੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਸੈਚੁਰੇਸ਼ਨ ਮੁਹਿੰਮ ਤਹਿਤ ਬਣਾਈਆਂ ਗਈਆਂ ਟੀਮਾਂ ਵੱਲੋਂ ਕਿਸਾਨਾਂ ਦੇ ਆਧਾਰ ਕਾਰਡ ਨਾਲ ਈ.ਕੇ.ਵਾਈ.ਸੀ. ਕੀਤੀ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਕੈਂਪ ਲਗਾ ਕੇ ਕਿਸਾਨਾਂ ਦੇ ਯੋਗ ਕਿਸਾਨਾਂ ਤੱਕ ਸਕੀਮ ਦਾ ਲਾਭ ਪੁੱਜਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਸਕੀਮ ਤੋਂ ਇਲਾਵਾ ਕਿਸਾਨ ਹਿੱਤੂ ਸਕੀਮਾਂ ਜਿਵੇਂ ਕਿ ਕਿਸਾਨ ਫਸਲ ਬੀਮਾ ਯੋਜਨਾ, ਕਿਸਾਨ ਮਾਨਧਨ ਯੋਜਨਾ ਵੀ ਚਲਾਈਆਂ ਜਾ ਰਹੀਆਂ ਹਨ ਅਤੇ ਇਸ ਮੁਹਿੰਮ ਤਹਿਤ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਖੇਤੀਬਾੜੀ ਅਫਸਰ ਜਸਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਵਿਵੇਕ ਸ਼ੰਕਰ, ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਦਮਨ ਝਾਂਜੀ, ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਰਵਿੰਦਰ ਸਿੰਘ, ਸ਼੍ਰੀ ਮਨਪ੍ਰੀਤ ਸਿੰਘ ਪਟਵਾਰੀ ਤੇ ਜਸਪ੍ਰੀਤ ਸਿੰਘ ਬੇਦੀ ਵੀ ਮੌਜੂਦ ਸਨ।