ਪਟਿਆਲਾ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਟਿਆਲਾ ਨੂੰ ਟੂਰਿਜ਼ਮ ਦੇ ਕੇਂਦਰ ਵਜੋਂ ਉਭਾਰਨ ਲਈ ਦਸੰਬਰ, ਜਨਵਰੀ ਤੇ ਫਰਵਰੀ ਮਹੀਨੇ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ-ਵੱਖ ਸਮਾਗਮ ਕਰਵਾਉਣ ਦੀ ਯੋਜਨਾ ਉਲੀਕਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਇਸ ਫੈਸਟੀਵਲ ਦੇ ਸਾਰੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਸਮੁੱਚੇ ਪ੍ਰਬੰਧ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨੇਪਰੇ ਚਾੜ੍ਹੇ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਵਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਵਿਰਾਸਤੀ ਸ਼ਹਿਰ ਪਟਿਆਲਾ ਵਿਖੇ ਕਰਵਾਏ ਜਾਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ 'ਚ ਵੱਡੀ ਗਿਣਤੀ ਦਰਸ਼ਕ ਪੁੱਜਣਗੇ ਇਸ ਲਈ ਸਾਰੀਆਂ ਤਿਆਰੀਆਂ ਸੁਚੱਜੇ ਢੰਗ ਨਾਲ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਪਟਿਆਲਾ ਨੂੰ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਤ ਕਰਨ ਦੇ ਨਾਲ-ਨਾਲ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਉਣ ਲਈ ਸੈਰ ਸਪਾਟਾ ਵਿਭਾਗ ਦੇ ਰਾਹੀਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਵੀਆਂ ਸਮੇਤ ਹੋਰਨਾਂ ਇਲਾਕਿਆਂ ਦੇ ਵਸਨੀਕਾਂ ਨੂੰ ਵੀ ਇਸ ਉਤਸਵ ਦਾ ਅਨੰਦ ਮਾਣਨ ਦਾ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਦੇ ਅਖੀਰ 'ਚ ਕਰਾਫ਼ਟ ਮੇਲੇ ਤੱਕ ਚੱਲਣ ਵਾਲੇ ਪਟਿਆਲਾ ਹੈਰੀਟੇਜ ਫੈਸਟੀਵਲ ਦੀ ਸ਼ੁਰੂਆਤ ਪਟਿਆਲਾ ਦੇ ਪੁਰਾਤਨ ਬਾਰਾਂਦਰੀ ਬਾਗ ਵਿਖੇ 15 ਤੇ 16 ਦਸੰਬਰ ਨੂੰ ਕਰਵਾਏ ਜਾਣ ਵਾਲੇ ਅਮਰੂਦ ਫ਼ੈਸਟੀਵਲ ਅਤੇ ਗੁਲਦਾਊਦੀ ਫੁੱਲਾਂ ਦੇ ਸ਼ੋਅ ਤੋਂ ਹੋਵੇਗੀ। ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਨਵਰੀ ਮਹੀਨੇ ਪਤੰਗਬਾਜ਼ੀ ਤੇ ਏਅਰ ਬੈਲੂਨ ਸ਼ੋਅ, ਫੁਲਕਾਰੀ ਸ਼ੋਅ, ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਪ੍ਰੋਗਰਾਮ, ਪਟਿਆਲਾ ਮਿਲਟਰੀ ਫੈਸਟੀਵਲ, ਆਰਮੀ ਟੈਂਕ ਸ਼ੋਅ ਅਤੇ ਮੈਡਲ ਗੈਲਰੀ, ਲਿਟਰੇਚਰ ਫੈਸਟੀਵਲ ਅਤੇ ਕਲਾ ਪ੍ਰਦਰਸ਼ਨੀ ਅਤੇ ਫੋਟੋਗ੍ਰਾਫ਼ੀ ਅਵਾਰਡ, ਮੈਰਾਥਨ, ਕੁਇਜ ਮੁਕਾਬਲੇ, ਵਰਚੂਅਲ ਰਿਐਲਟੀ, ਐਡਵੈਂਚਰ ਟੂਰਿਜ਼ਮ, ਏਅਰੋ ਮਾਡਲਿੰਗ ਸ਼ੋਅ, ਡਾਇਨਾਸੋਰ ਸ਼ੋਅ, ਹੈਰੀਟੇਜ ਵਾਕ, ਪਲੋਟਸ ਅਤੇ ਓਪਨ ਏਅਰ ਥੀਏਟਰ ਆਦਿ ਪ੍ਰੋਗਰਾਮ ਉਲੀਕੇ ਗਏ ਹਨ। ਫਰਵਰੀ ਮਹੀਨੇ ਡਾਗ ਸ਼ੋਅ, ਫੋਟੋਗ੍ਰਾਫ਼ੀ ਅਤੇ ਪੇਟਿੰਗ ਮੁਕਾਬਲੇ, ਸੱਭਿਆਚਾਰਕ ਤੇ ਡਰਾਮੈਟਿਕ ਪ੍ਰੋਗਰਾਮ, ਪਟਿਆਲਾ ਘਰਾਣਾ ਦੀਆਂ ਗਾਇਨ ਸ਼ੈਲੀਆਂ, ਕਲਾਸੀਕਲ ਗਾਇਨ, ਨਾਟਕ, ਰੰਗੋਲੀ, ਫਲੈਸ਼ ਮੋਬ, ਅਤੇ ਕਰਾਫ਼ਟ ਮੇਲਾ ਇਸ ਵੱਡੇ ਪ੍ਰੋਗਰਾਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਪਟਿਆਲਾ ਹੈਰੀਟੇਜ਼ ਦੀ ਸਮਾਪਤੀ ਸਮੇਂ ਫੂਡ ਫੈਸਟੀਵਲ, ਯੋਗਾ, ਜਿਮਨਾਸਟਿਕ ਅਤੇ ਜੂੰਬਾ ਤੇ ਫਲੋਟਸ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਮੀਟਿੰਗ 'ਚ ਏ.ਡੀ.ਸੀ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਸਮਾਣਾ ਚਰਨਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਰਵਿੰਦਰ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।