ਪਟਿਆਲਾ : ਪਟਿਆਲਾ ਦੀਆਂ ਸੜਕਾਂ ’ਤੇ ਰਹਿੰਦੇ ਬੇਸਹਾਰਾ ਲੋਕਾਂ ਨੂੰ ਅੱਜ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਨਗਰ ਨਿਗਮ, ਪੁਲਿਸ ਵਿਭਾਗ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਡ ਕਰਕੇ ਰੈਣ ਬਸੇਰੇ ’ਚ ਪਹੁੰਚਾਇਆ ਗਿਆ। ਇਸ ਦੌਰਾਨ ਟੀਮ ਵੱਲੋਂ ਸ਼੍ਰੀ ਦੁਖਨਿਵਾਰਣ ਸਾਹਿਬ ਅਤੇ ਸ਼੍ਰੀ ਕਾਲੀ ਦੇਵੀ ਮੰਦਰ ਦੇ ਨਜ਼ਦੀਕ ਬੈਠੇ ਪ੍ਰਵਾਸੀ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੈਣ ਬਸੇਰਾ ਛੱਡਣ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਨਗਰ ਨਿਗਮ ਦੀ ਟੀਮ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਸਮਾਨ ਸਮੇਤ ਰੈਣ ਬਸੇਰੇ ਵਿਖੇ ਛੱਡਿਆ ਗਿਆ। ਰੈਣ ਬਸੇਰੇ ਵਿਖੇ ਪਹੁੰਚ ਕੇ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕਾਊਂਸਲਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ. ਸ਼ਾਇਨਾ ਕਪੂਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਅੱਜ ਬੇਸਹਾਰਾ ਲੋਕਾਂ ਨੂੰ ਰੈਣ ਬਸੇਰੇ ’ਚ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਨੂੰ ਹਦਾਇਤ ਦਿੱਤੀ ਗਈ ਕਿ ਸੜਕਾਂ ਤੇ ਰਹਿਣ ਦੀ ਥਾਂ ਰੈਣ ਬਸੇਰੇ ਵਿੱਚ ਰਿਹਾ ਜਾਵੇ ਤਾਂ ਜੋ ਉਥੇ ਰਹਿ ਕੇ ਉਹ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਜੇਕਰ ਇਹ ਪਰਿਵਾਰ ਰੈਣ ਬਸੇਰੇ ਵਿੱਚ ਨਹੀਂ ਰਹਿਣਾ ਚਾਹੁੰਦੇ ਤਾਂ ਉਨ੍ਹਾਂ ਨੂੰ ਕਿਸੇ ਦੀ ਹਾਲਤ ਵਿੱਚ ਸੜਕਾਂ ਤੇ ਰਹਿਣ ਨਹੀਂ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਰੇਡਾਂ ਲਗਾਤਾਰ ਜਾਰੀ ਰਹਿਣਗੀਆਂ। ਇਸ ਟੀਮ ਵਿੱਚ ਨਗਰ ਨਿਗਮ ਤੋਂ ਇੰਸਪੈਕਟਰ ਮੁਨੀਸ਼ ਪੁਰੀ ਅਤੇ ਉਨ੍ਹਾਂ ਦੇ ਸਟਾਫ਼ ਮੈਂਬਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਡਾ. ਸ਼ਾਇਨਾ ਕਪੂਰ, ਬਾਲ ਸੁਰੱਖਿਆ ਅਫ਼ਸਰ (ਗੈਰ-ਸੰਸਥਾਗਤ) ਸ਼੍ਰੀਮਤੀ ਸਿਮਰਨਜੀਤ ਕੌਰ, ਸ਼੍ਰੀਮਤੀ ਸ਼ਾਲੀਨੀ, ਪ੍ਰਦੀਪ ਸ਼ਰਮਾ, ਸੁਨੀਤਾ ਯਾਦਵ ਅਤੇ ਸੁਖਦੀਪ ਸਿੰਘ, ਪੁਲਿਸ ਵਿਭਾਗ ਤੋਂ ਸੀਨੀਅਰ ਕਾਂਸਟੇਬਲ ਰਕਸ਼ਾ ਰਾਣੀ, ਕਾਂਸਟੇਬਲ ਗਗਨਦੀਪ ਕੌਰ ਅਤੇ ਜਯੋਤੀ ਸ਼ਾਮਲ ਸਨ।