ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਮਿਤੀ 05—07 ਦਸੰਬਰ, 2023 ਨੂੰ ਆਯੋਜਿਤ ਕੀਤੀ ਜਾ ਰਹੀ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫਰੰਸ ਦੇ ਪਹਿਲੇ ਦਿਨ ਦੀ ‘ਪਹਿਲੀ ਬੈਠਕ’ ਦੀ ਪ੍ਰਧਾਨਗੀ ਡਾ. ਗੁਰਪਾਲ ਸਿੰਘ ਸੰਧੂ ਨੇ ਕੀਤੀ ਅਤੇ ਦਿੱਲੀ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਆਰਤੀ ਮਨੋਚਾ ਨੇ ਭਾਈ ਵੀਰ ਸਿੰਘ ਜੀ ਦੇ ਜਨਮਦਿਨ ’ਤੇ ਉਹਨਾਂ ਦੀ ਸਾਹਿਤ ਰਚਨਾ ਬਾਰੇ ਬੜੀ ਸਾਰਥਿਕ ਅਤੇ ਮੁੱਲਵਾਨ ਵਿਚਾਰ ਚਰਚਾ ਕੀਤੀ। ਇਸ ਬੈਠਕ ਵਿੱਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ। ਡਾ. ਪਰਮੀਤ ਕੌਰ ਨੇ ਇਸ ਬੈਠਕ ਦਾ ਮੰਚ ਸੰਚਾਲਨ ਕੀਤਾ ਅਤੇ ਡਾ. ਜਸਵਿੰਦਰ ਸਿੰਘ ਨੇ ਕਾਨਫ਼ਰੰਸ ਵਿੱਚ ਸ਼ਾਮਿਲ ਹੋਏ ਵਿਦਵਾਨਾਂ ਲਈ ਧੰਨਵਾਦੀ ਸ਼ਬਦ ਕਹੇ। ਇਸੇ ਦਿਨ ਸ਼ਾਮ ਨੂੰ ਉਪਕੁਲਪਤੀ ਸਾਹਿਬ ਦੀ ਪ੍ਰਧਾਨਗੀ ਹੇਠ ‘ਸਭਿਆਚਾਰਿਕ ਸ਼ਾਮ’ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਾਟਕ ‘ਈਡੀਪਸ 2.0’ ਦਾ ਮੰਚਨ ਕੀਤਾ ਗਿਆ।
ਦੂਜੇ ਦਿਨ ਹੋਈ ਇਸ ਕਾਨਫਰਸੰ ਦੀ ‘ਦੂਜੀ ਬੈਠਕ’ ਦਾ ਸੰਬੰਧ ਪੰਜਾਬੀ ਭਾਸ਼ਾ ਅਤੇ ਭਾਸ਼ਾ ਵਿਗਿਆਨ ਨਾਲ ਸੀ। ਇਸ ਬੈਠਕ ਦੀ ਪ੍ਰਧਾਨਗੀ ਡਾ. ਸੁਰਿੰਦਰ ਪਾਲ ਸਿੰਘ ਮੰਡ ਨੇ ਕੀਤੀ। ਵੱਖ-ਵੱਖ ਵਿਦਵਾਨਾਂ ਨੇ ਆਪਣੇ ਖੋਜ ਭਰਪੂਰ ਪਰਚੇ ਪੇਸ਼ ਕੀਤੇ। ਇਸ ਬੈਠਕ ਦਾ ਮੰਚ ਸੰਚਾਲਨ ਡਾ. ਹਰਜੀਤ ਸਿੰਘ ਨੇ ਕੀਤਾ ਅਤੇ ਧੰਨਵਾਦੀ ਸ਼ਬਦ ਡਾ. ਮੋਹਨ ਤਿਆਗੀ ਨੇ ਸਾਂਝੇ ਕੀਤੇ। ਕਾਨਫ਼ਰੰਸ ਦੀ ‘ਤੀਜੀ ਬੈਠਕ’ ਪੰਜਾਬੀ ਤੇ ਪਰਵਾਸੀ ਸੱਭਿਆਚਾਰ ਅਤੇ ਮੀਡੀਆ ਨਾਲ ਸਾਂਝ ਪਾਉਣ ਵਾਲੀ ਸੀ, ਜਿਸ ਪ੍ਰਧਾਨਗੀ ਡਾ. ਗੁਰਮੀਤ ਸਿੰਘ ਨੇ ਕੀਤੀ। ਇਸ ਬੈਠਕ ਵਿੱਚ ਡਾ. ਚਰਨਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਬੈਠਕ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉੱਘੇ ਨਾਟਕਕਾਰ ਦਵਿੰਦਰ ਦਮਨ ਨੇ ਨਾਟਕ ਵਿਧਾ ਨਾਲ ਜੁੜੇ ਮਸਲਿਆਂ ਤੇ ਗੱਲਬਾਤ ਕੀਤੀ।
ਇਸ ਬੈਠਕ ਵਿੱਚ ਅਮਰੀਕਾ ਤੋਂ ਸ਼ਾਮਿਲ ਹੋਏ ਬੀਬੀ ਸੁਰਜੀਤ ਕੌਰ ਨੇ ਪੰਜਾਬੀ ਦੀਆਂ ਪਰਵਾਸ ਨਾਲ ਸੰਬੰਧਿਤ ਨੁਕਤਿਆਂ ਬਾਰੇ ਗੱਲਬਾਤ ਕੀਤੀ। ਇਸ ਬੈਠਕ ਦਾ ਮੰਚ ਸੰਚਾਲਨ ਡਾ. ਰਾਜਵੰਤ ਕੌਰ ਪੰਜਾਬੀ ਨੇ ਕੀਤਾ। ਇਸ ਬੈਠਕ ਵਿੱਚ ਪੜ੍ਹੇ ਜਾਣ ਵਾਲੇ ਖੋਜ-ਪੱਤਰਾਂ ਵਿੱਚ ਵਿਦਵਾਨਾਂ ਨੇ ਆਪਣੇ ਅਣਮੁੱਲੇ ਵਿਚਾਰ ਸਰੋਤਿਆਂ ਸਾਹਮਣੇ ਰੱਖੇ। ਕਾਨਫਰੰਸ ਦੀ ‘ਚੌਥੀ ਬੈਠਕ’ ਦੀ ਪ੍ਰਧਾਨਗੀ ਡਾ. ਈਸ਼ਵਰ ਦਿਆਲ ਗੌੜ ਨੇ ਕੀਤੀ। ਇਸ ਬੈਠਕ ਵਿੱਚ ਡਾ. ਜਸਰਾਜ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਡਾ. ਜਸਦੀਪ ਸਿੰਘ ਤੂਰ ਨੇ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਬੈਠਕ ਦੇ ਅਖ਼ੀਰ ਵਿੱਚ ਡਾ. ਦਲਜੀਤ ਸਿੰਘ ਨੇ ਸਮੂਹ ਵਿਦਵਾਨਾਂ, ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਦਾ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।
ਇਸ ਬੈਠਕ ਵਿੱਚ ਪੇਪਰ ਵਕਤਾ ਵਜੋਂ ਸ਼ਾਮਲ ਹੋਏ ਡਾ. ਹਰਪ੍ਰੀਤ ਕੌਰ, ਡਾ. ਪਰਮਜੀਤ ਕੌਰ ਗਿੱਲ, ਡਾ. ਗਿਆਨ ਸਿੰਘ, ਡਾ. ਉਮਰਾਓ ਸਿੰਘ, ਡਾ. ਗੁਰਮੀਤ ਕੌਰ, ਡਾ. ਹਰੀਸ਼ ਕੁਮਾਰ ਅਤੇ ਡਾ. ਰਵੀ ਕੁਮਾਰ ਵੱਲੋਂ ਆਪਣੇ ਖੋਜ-ਪੱਤਰਾਂ ਵਿੱਚ ਪੰਜਾਬੀ ਭਾਸ਼ਾ ਦੇ ਸਮਾਜ-ਵਿਗਿਆਨ ਨਾਲ ਜੁੜੇ ਮਸਲਿਆਂ ਬਾਰੇ ਨਿੱਠ ਕੇ ਗੱਲ ਕੀਤੀ। ਕਾਨਫ਼ਰੰਸ ਦੀ ਇਸ ਚੌਥੀ ਬੈਠਕ ਦੇ ਸਮਾਨਾਂਤਰ ਇੱਕ ਹੋਰ ਬੈਠਕ ਦਾ ਆਯੋਜਨ ਸਿੰਡੀਕੇਟ ਕਮਰੇ ਵਿੱਚ ਵੀ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਵਿਦਵਾਨਾਂ ਵੱਲੋਂ ਪਰਚੇ ਪੜ੍ਹੇ ਗਏ। ਅੰਤ ਵਿੱਚ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਨੇ ਇਸ ਕਾਨਫ਼ਰੰਸ ਦੇ ਸਫ਼ਲਤਾਪੂਰਵਕ ਚੱਲਣ ਲਈ ਸਾਰੇ ਸਰੋਤਿਆਂ, ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।