ਸੁਨਾਮ : ਐਮਰਜੈਂਸੀ ਸਿਹਤ ਸੇਵਾਵਾਂ ਨਿਭਾਅ ਰਹੇ 108 ਐਬੂਲੈਂਸ ਕਾਮਿਆਂ ਨੇ ਸੂਬਾ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਜੋਂ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿੱਚ ਸ਼ੁਰੂ ਕੀਤੀ ਹੜਤਾਲ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਐਂਬੂਲੈਂਸ ਐਸੋਸੀਏਸ਼ਨ ਦੇ ਆਗੂਆਂ ਨੇ ਸੂਬੇ ਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਸਰਕਾਰ ਨਿਗੂਣੇ ਮਿਹਨਤਾਨੇ ਤੇ ਸੇਵਾਵਾਂ ਨਿਭਾਉਣ ਵਾਲਿਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਹੋਇਆ ਹੈ। ਵੀਰਵਾਰ ਨੂੰ ਸੁਨਾਮ ਵਿਖੇ ਜਾਰੀ ਬਿਆਨ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਮਨਦੀਪ ਸਿੰਘ ਬਠਿੰਡਾ ਅਤੇ ਕਿਰਨਦੀਪ ਸਿੰਘ ਨੇ ਕਿਹਾ ਕਿ 108 ਐਂਬੂਲੈਂਸ ਦੇ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਲਈ ਲੰਬੇ ਸਮੇਂ ਤੋਂ ਹੜਤਾਲ ਤੇ ਚਲੇ ਆ ਰਹੇ ਹਨ ਲੇਕਿਨ ਸੂਬੇ ਦੀ ਭਗਵੰਤ ਮਾਨ ਸਰਕਾਰ ਐਮਰਜੈਂਸੀ ਸਿਹਤ ਸੇਵਾਵਾਂ ਨਿਭਾਅ ਰਹੇ ਐਂਬੂਲੈਂਸ ਅਮਲੇ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਮੁਲਾਜ਼ਮ ਆਪਣੀਆਂ ਡਿਊਟੀਆਂ ਬਾਖੂਬੀ ਨਿਭਾਅਕੇ ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਦੀ ਸਹੂਲਤ ਸਹੀ ਤਰੀਕੇ ਨਾਲ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਫੀਲਡ ਵਿੱਚ ਕੰਮ ਕਰ ਰਹੇ ਈਐਮਟੀ ਅਤੇ ਪਾਇਲਟ ਸਾਥੀਆਂ ਨੇ ਸੂਬਾ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁੱਝ ਐਂਬੂਲੈਂਸਾਂ ਕਥਿਤ ਤੌਰ ਤੇ ਖੜੀਆਂ ਹੋਣ ਦੇ ਬਾਵਜੂਦ ਫਰਜ਼ੀ ਐਂਟਰੀਆਂ ਕਰਕੇ ਖ਼ਜ਼ਾਨੇ ਦੀ ਲੁੱਟ ਕਰ ਰਹੇ ਹਨ। ਐਂਬੂਲੈਂਸਾਂ ਦੇ ਕਾਮਿਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਨੂੰ ਯਕੀਨੀ ਬਣਾਵੇ ਤਾਂ ਜੋ ਕਰਮਚਾਰੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹਾ ਵਰਤਾਰਾ ਸੋਸ਼ਲ ਮੀਡੀਆ ਦੇ ਉੱਪਰ ਵੀ ਵਾਇਰਲ ਹੋ ਰਿਹਾ ਹੈ। ਐਂਬੂਲੈਂਸ ਇੰਪਲਾਈਜ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਫਰਜ਼ੀ ਐਂਟਰੀਆਂ ਕਰਕੇ ਖ਼ਜ਼ਾਨੇ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ 108 ਇੰਪਲਾਈਜ ਯੂਨੀਅਨ ਆਉਣ ਵਾਲੇ ਇੱਕ ਹਫਤੇ ਦੇ ਅੰਦਰ ਅੰਦਰ ਪਹਿਲੇ ਪੜਾਅ ਦੌਰਾਨ 3000 ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਕਥਿਤ ਘਪਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।