ਪਟਿਆਲਾ : ਲੋਕ ਸਭਾ ਚੋਣਾਂ-2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ੍ਹ ਵੱਲੋਂ ਪੂਰੇ ਪੰਜਾਬ ਭਰ ਦੇ ਵੋਟਰਾਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੇਟ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਵੈਨ ਚਲਾਈ ਗਈ ਹੈ। ਇਹ ਵੈਨ ਪਟਿਆਲਾ ਜ਼ਿਲ੍ਹੇ ਦੇ ਸਮੂਹ ਹਲਕਿਆਂ ਵਿੱਚ ਮਿਤੀ 14-12-2023 ਤੱਕ ਚਲਾਈ ਜਾਣੀ ਹੈ। ਇਸ ਮੁਬਾਇਲ ਵੈਨ ਦਾ ਮੁੱਖ ਮੰਤਵ ਹਲਕੇ ਦੇ ਹਰ ਇਕ ਵੋਟਰ ਨੂੰ ਵੋਟਾਂ ਬਣਵਾਉਣ, ਵੋਟਾਂ ਵਿੱਚ ਸੁਧਾਈ ਕਰਨ ਅਤੇ ਵੋਟ ਪਾਉਣ ਸਬੰਧੀ ਜਾਗਰੂਕ ਕਰਨਾ ਹੈ। ਵੈਨ ਵਿੱਚ ਵੀਡੀਓ ਕਲਿੱਪ ਚਲਾ ਕੇ ਅਤੇ ਈ.ਵੀ.ਐਮ ਮਸ਼ੀਨ ਰਾਹੀਂ ਵੋਟ ਪਵਾਕੇ ਅਤੇ ਉਹਨਾਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨ ਪ੍ਰਤੀ ਜਾਗਰੂਕ ਕਰਨਾ ਹੈ। ਇਹ ਮਸ਼ੀਨ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਇੱਕ ਵਰਦਾਨ ਹੈ।
ਇਸ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ, ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਮਿੰਨੀ ਸਕੱਤਰੇਤ, ਪਟਿਆਲਾ ਤੋਂ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ, ਪਟਿਆਲਾ ਸ੍ਰੀ ਸਵਿੰਦਰ ਰੇਖੀ ਵੱਲੋਂ ਝੰਡੀ ਦੇ ਕੇ ਵੱਖ-ਵੱਖ ਸਥਾਨਾਂ ਲਈ ਰਵਾਨਾ ਕੀਤਾ ਗਿਆ ਅਤੇ ਉਹਨਾਂ ਨੇ ਆਪ ਵੈਨ ਦੇ ਨਾਲ ਨਾਲ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ। ਸ੍ਰੀ ਰੁਪਿੰਦਰ ਸਿੰਘ ਨੋਡਲ ਅਫ਼ਸਰ ਸਵੀਪ, 115-ਪਟਿਆਲਾ, ਮਿਸ ਮੋਨਿਕਾ, ਸ੍ਰੀ ਮੋਹਿਤ ਕੌਸ਼ਲ, ਸ੍ਰੀ ਬਰਿੰਦਰ ਸਿੰਘ, ਸਬੰਧਤ ਬੀ.ਐਲ.ਓਜ ਵੀ ਇਸ ਵਿੱਚ ਸ਼ਾਮਲ ਆਏ। ਇਹ ਵੈਨ ਪਟਿਆਲਾ ਜ਼ਿਲ੍ਹਾ ਦੇ ਵੱਖ ਵੱਖ ਸਥਾਨਾਂ ਜਿਵੇਂ ਕਿ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਰੇਲਵੇ ਸਟੇਸ਼ਨ, ਪੁਰਾਣਾ/ਨਵਾਂ ਬੱਸ ਸਟੈਂਡ, ਸ਼੍ਰੀ ਕਾਲੀ ਦੇਵੀ ਮੰਦਿਰ, ਫੁਆਰਾ ਚੌਕ ਅਤੇ ਹੋਰ ਵੱਖ ਵੱਖ ਸਥਾਨਾਂ ਤੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਰੁਕੀ। ਇਸ ਵੈਨ ਨੇ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਪਹੁੰਚਣ ਤੇ ਇਸ ਵੈਨ ਦਾ ਸਵਾਗਤ ਕਾਲਜ ਦੇ ਪ੍ਰਿੰਸੀਪਲ ਸ੍ਰੀ ਅਮਰਜੀਤ ਸਿੰਘ ਵੱਲੋਂ ਕੀਤਾ ਗਿਆ। ਇਹ ਵੈਨ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਹਲਕਿਆਂ ਵਿੱਚ ਨਿਰਧਾਰਿਤ ਪਲਾਨ ਅਨੁਸਾਰ ਵੋਟਰਾਂ ਨੂੰ ਜਾਗਰੂਕ ਲਈ ਯੋਗਦਾਨ ਦੇਵੇਗੀ।