ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਇੰਜੀਨੀਅਰਿੰਗ ਵਿੰਗ ਦੇ ਵਿਦਿਆਰਥੀਆਂ ਨੇ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਵਿੱਚ 24 ਲੱਖ ਰੁਪਏ ਪ੍ਰਤੀ ਸਾਲ ਤੱਕ ਦੇ ਪੈਕੇਜ ਨਾਲ਼ ਨੌਕਰੀਆਂ ਪ੍ਰਾਪਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਵਿਦਿਆਰਥੀਆਂ ਨੂੰ ਇਹ ਨੌਕਰੀਆਂ ਐੱਲ. ਐਂਡ ਟੀ., ਕੇ. ਪੀ. ਐੱਮ. ਜੀ., ਕੁਆਰਕ, ਐੱਚ. ਆਰ. ਬਲੌਕ ਆਦਿ ਕੰਪਨੀਆਂ ਵਿੱਚ ਮਿਲੀਆਂ ਹਨ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਪ੍ਰਾਪਤੀ ਉੱਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਇੰਜੀਨੀਅਰਿੰਗ ਵਿੰਗ ਵਿਚਲੇ ਪਲੇਸਮੈਂਟ ਸੈੱਲ ਦੀ ਟੀਮ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਜਦੋਂ ਵਿਸ਼ਵ ਵਿੱਚ ਮੰਦੀ ਦਾ ਦੌਰ ਚੱਲ ਰਿਹਾ ਹੈ ਅਤੇ ਪਹਿਲਾਂ ਪ੍ਰਾਪਤ ਨੌਕਰੀਆਂ ਦੀ ਵੀ ਛਾਂਟੀ ਚਲਦੀ ਰਹਿੰਦੀ ਹੈ ਤਾਂ ਅਜਿਹੇ ਦੌਰ ਵਿੱਚ ਚੰਗੀਆਂ ਕੰਪਨੀਆਂ ਵਿੱਚ ਚੰਗੀਆਂ ਥਾਵਾਂ ਉੱਤੇ ਨੌਕਰੀ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇਕ ਮਾਣਯੋਗ ਪ੍ਰਾਪਤੀ ਹੈ।
ਇੰਜੀਨੀਅਰਿੰਗ ਵਿੰਗ ਵਿਚਲੇ ਪਲੇਸਮੈਂਟ ਸੈੱਲ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਨੇ ਇਸ ਸਬੰਧੀ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਪੜਾਵਾਂ ਜਿਵੇਂ ਕਿ ਲਿਖਤੀ ਟੈਸਟ, ਤਕਨੀਕੀ ਇੰਟਰਵਿਊ, ਐਚ.ਆਰ ਰਾਉਂਡ ਆਦਿ ਦਾ ਸਾਹਮਣਾ ਕਰਦੇ ਹੋਏ ਇਹ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਇੰਜਨੀਅਰਿੰਗ ਵਿੰਗ ਸਾਲ 2003 ਵਿੱਚ ਹੋਂਦ ਵਿੱਚ ਆਇਆ ਸੀ ਅਤੇ ਹੁਣ ਤੱਕ ਇਥੋਂ ਪੜ੍ਹੇ ਹਜ਼ਾਰਾਂ ਵਿਦਿਆਰਥੀ ਦੁਨੀਆ ਭਰ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਮਾਣਯੋਗ ਅਹੁਦਿਆਂ ਉੱਤੇ ਨੌਕਰੀਆਂ ਕਰ ਰਹੇ ਹਨ।
ਇੰਜੀਨੀਅਰਿੰਗ ਵਿੰਗ ਵਿਚਲੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਦੇ ਤਕਨੀਕੀ ਅਤੇ ਜ਼ੁਬਾਨੀ ਸੰਚਾਰ ਹੁਨਰ ਨੂੰ ਉੱਚਾ ਚੁੱਕਣ ਲਈ ਆਪੋ ਆਪਣੇ ਵਿਭਾਗਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਤੇ ਗ਼ੈਰ-ਅਧਿਆਪਨ ਸਟਾਫ਼ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਥਮ ਮਿੱਤਲ, ਜੋ ਕਿ ਨੌਕਰੀ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਵਿੱਚ ਸ਼ਾਮਿਲ ਹੈ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਹੈ, ਨੇ ਆਪਣੀ ਇਸ ਪ੍ਰਾਪਤੀ ਮੌਕੇ ਬੋਲਦਿਆਂ ਪੰਜਾਬੀ ਯੂਨੀਵਰਸਿਟੀ ਬਾਰੇ ਆਪਣਾ ਅਨੁਭਵ ਸਾਂਝਾ ਕੀਤਾ। ਉਸ ਨੇ ਕਿਹਾ ਕਿ ਉਸ ਨੇ ਹੋਰ ਸੰਸਥਾਵਾਂ ਦੀ ਬਜਾਏ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਬੀ.ਟੈਕ ਸੀ.ਐੱਸ.ਈ. ਵਿੱਚ ਇਸ ਕਰ ਕੇ ਹੀ ਦਾਖਲਾ ਲਿਆ ਸੀ ਕਿਉਂਕਿ ਸ਼ਾਨਦਾਰ ਅਕਾਦਮਿਕ ਮਾਹੌਲ ਹੋਣ ਦੇ ਨਾਲ਼-ਨਾਲ਼ ਇਸ ਯੂਨੀਵਰਸਿਟੀ ਦੇ ਵੱਕਾਰ ਕਾਰਨ ਇਥੋਂ ਪੜ੍ਹੇ ਵਿਦਿਆਰਥੀਆਂ ਲਈ ਇੰਡਸਟਰੀ ਵਿੱਚ ਰੁਜ਼ਗਾਰ ਦੇ ਮੌਕੇ ਵਧੇਰੇ ਹੁੰਦੇ ਹਨ।