ਮਾਲੇਰਕੋਟਲਾ : ਸੋਗ ਦੇ ਮਹੀਨੇ ਵਜੋਂ ਜਾਣੇ ਜਾਂਦੇ ਦਸੰਬਰ ਮਹੀਨੇ ਵਿਚ ਸੂਫ਼ੀ ਫ਼ੈਸਟੀਵਲ ਕਰਵਾ ਕੇ ਆਮ ਆਦਮੀ ਪਾਰਟੀ ਪਾਰਟੀ ਨੇ ਨਾ ਸਿਰਫ਼ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਸੱਟ ਮਾਰੀ ਹੈ ਬਲਕਿ ਇਹ ਵੀ ਸਾਬਤ ਕਰ ਦਿਤਾ ਹੈ ਕਿ ਇਸ ਪਾਰਟੀ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਹੈ ਕਿਉਂਕਿ ਇਹ ਪਾਰਟੀ ਦਸੰਬਰ ਮਹੀਨੇ ਵਿਚ ਪ੍ਰੋਗਰਾਮ ਕਰਨ ਵਾਲੀਆਂ ਧਿਰਾਂ ਉਤੇ ਟਿਪਣੀਆਂ ਕਰਦੀ ਰਹੀ ਹੈ ਪਰ ਹੁਣ ਖ਼ੁਦ ਖੜਕੇ-ਦੜਕੇ ਵਾਲੇ ਪ੍ਰੋਗਰਾਮ ਕਰਵਾ ਕੇ, ਸ਼ਹਾਦਤਾਂ ਦਾ ਮਜ਼ਾਕ ਬਣਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਨਜ਼ਦੀਕੀ ਪਿੰਡ ਮਿੱਠੇਵਾਲ ਵਿਖੇ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਅਤੇ ਜ਼ਿਲ੍ਹਾ ਜਥੇਦਾਰ ਸ. ਤਰਲੋਚਨ ਸਿੰਘ ਧਲੇਰ ਵਿਸ਼ੇਸ਼ ਤੌਰ ਪਰਵਾਰ ਨਾਲ ਕੁੱਝ ਸਿਆਸੀ ਨੁਕਤੇ ਸਾਂਝੇ ਕਰਨ ਪਹੁੰਚੇ ਹੋਏ ਸਨ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਦਸੰਬਰ ਦੇ ਮਹੀਨੇ ਵਿਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਿਤੀ ਸੀ, ਇਸ ਲਈ ਇਸ ਮਹੀਨੇ ਵਿਚ ਰੌਲੇ-ਰੱਪੇ, ਸ਼ੋਰ-ਸ਼ਰਾਬੇ ਅਤੇ ਨੱਚਣ-ਟੱਪਣ ਤੋਂ ਗੁਰੇਜ ਕੀਤਾ ਜਾਂਦਾ ਹੈ। ਪੂਰਾ ਪੰਜਾਬ ਹੀ ਸੋਗ ਵਿਚ ਡੁੱਬਿਆ ਹੁੰਦਾ ਹੈ, ਹਰ ਮਜ਼ਹਬ ਅਤੇ ਧਰਮ ਦਾ ਬੰਦਾ ਇਸ ਮਹੀਨੇ ਵਿਚ ਢੋਲ-ਢਮੱਕੇ ਵਜਾਉਣ ਤੋਂ ਬਚਦਾ ਹੈ ਪਰ ਆਮ ਆਦਮੀ ਪਾਰਟੀ ਨੇ ਸਰਕਾਰੀ ਕਾਲਜ ਮਲੇਰਕੋਟਲਾ ਵਿਚ ਚਾਰ ਰੋਜ਼ਾ ਸੂਫ਼ੀ ਫ਼ੈਸਟੀਵਲ ਕਰਵਾ ਕੇ, ਇਸ ਮਹੀਨੇ ਦੀ ਧਾਰਮਕ ਮਰਯਾਦਾ ਨੂੰ ਤਾਰ-ਤਾਰ ਕੀਤਾ ਹੈ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਇਸ ਫ਼ੈਸਟੀਵਲ ਵਿਚ ਪਹੁੰਚ ਕੇ, ਨੱਚਦੇ-ਟੱਪਦੇ ਅਤੇ ਹਾਸਾ-ਠੱਠਾ ਕਰਦੇ ਵੇਖੇ ਗਏ ਹਨ। ਢੋਲ ਵਜਾਏ ਗਏ, ਵਾਜੇ ਵਜਾਏ ਗਏ, ਖ਼ੁਸ਼ੀਆਂ ਦੇ ਚਿਰਾਗ ਬਾਲ ਕੇ ਖ਼ੁਸ਼ੀਆਂ ਮਨਾਈਆਂ ਗਈਆਂ। ਪੂਰਾ ਸ਼ਹਿਰ ਹੋਰਡਿੰਗਜ਼ ਨਾਲ ਰੰਗ ਦਿਤਾ ਗਿਆ। 40 ਲੱਖ ਰੁਪਏ ਇਸ ਫ਼ੈਸਟੀਵਲ ਉਤੇ ਖ਼ਰਚ ਕਰ ਦਿਤੇ ਗਏ। ਇਹ ਬਿਲਕੁਲ ਗ਼ਲਤ ਹੈ ਅਤੇ ਇਸ ਲਈ ਆਮ ਆਦਮੀ ਪਾਰਟੀ, ਮੁੱਖ ਮੰਤਰੀ ਅਤੇ ਸਭਿਆਚਾਰਕ ਮੰਤਰੀ ਬੀਬੀ ਅਨਮੋਲ ਗਗਨ ਮਾਨ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿੱਠੇਵਾਲ ਦੀ ਸਾਬਕਾ ਸਰਪੰਚ ਬੀਬੀ ਰਣਜੀਤ ਕੌਰ ਅਤੇ ਹੋਰ ਆਗੂ ਵੀ ਹਾਜ਼ਰ ਸਨ।