ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 18 ਦਸੰਬਰ ਨੂੰ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਦੇ ਇਮਤਿਹਾਨ ਬਿਨਾ ਕਿਸੇ ਵਿਘਨ ਤੋਂ ਸਫਲਤਾਪੂਰਵਕ ਨੇਪਰੇ ਚੜ੍ਹੇ ਜਿਸ ਬਾਰੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਬਕਾਇਦਗੀ ਸਹਿਤ ਪਰੈੱਸ ਰਿਲੀਜ਼ ਅਤੇ ਸੋਸ਼ਲ ਮੀਡੀਆ ਦੇ ਮਾਧਿਅਮਾਂ ਰਾਹੀਂ ਧੰਨਵਾਦ ਵੀ ਕੀਤਾ ਗਿਆ ਸੀ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਵੀ ਪਰੈੱਸ ਬਿਆਨ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਇਮਤਿਹਾਨ ਦੇ 57 ਕੇਂਦਰ ਹਨ ਅਤੇ 18 ਦਸੰਬਰ ਨੂੰ 38 ਕੇਂਦਰ ਸਰਗਰਮ ਸਨ ਜਿਨ੍ਹਾਂ ਦੇ ਸਮੂਹ ਸੁਪਰਡੈਂਟ ਯੂਨੀਵਰਸਿਟੀ ਦੇ ਅਧਿਆਪਕ ਸਾਹਿਬਾਨ ਸਨ। ਇਨ੍ਹਾਂ ਵਿੱਚੋਂ ਸਿਰਫ਼ ਚਾਰ ਕੇਂਦਰਾਂ ਵਿੱਚ ਯੂਨੀਵਰਸਿਟੀ ਮਾਡਲ ਸਕੂਲ ਦੇ ਅਧਿਆਪਕ ਸਾਹਿਬਾਨ ਨੂੰ ਤਾਇਨਾਤ ਕੀਤਾ ਗਿਆ ਸੀ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਨੇਬਰਹੁੱਡ ਕੈਂਪਸ ਅਤੇ ਰਿਜਨਲ ਸੈਂਟਰਾਂ ਵਿੱਚ 11 ਕੇਂਦਰ ਸਨ ਜਿਨ੍ਹਾਂ ਉੱਤੇ ਤਾਇਨਾਤ ਸਮੁੱਚਾ ਅਮਲਾ ਯੂਨੀਵਰਸਿਟੀ ਦੇ ਅਧਿਆਪਕ ਸਨ। ਵਰਨਣਯੋਗ ਹੈ ਕਿ ਇਮਤਿਹਾਨ ਦੀ ਪ੍ਰਕ੍ਰਿਆ ਵਿੱਚ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲਾ ਸ਼ਾਮਿਲ ਰਹਿੰਦਾ ਹੈ। ਇਮਤਿਹਾਨ ਦੀ ਪ੍ਰਕ੍ਰਿਆ ਅਧਿਆਪਨ ਅਤੇ ਗ਼ੈਰ-ਅਧਿਆਪਨ ਅਮਲੇ ਵਿਚਕਾਰ ਕੜੀ ਹੈ ਜਿੱਥੇ ਲਗਾਤਾਰ ਦੁਵੱਲਾ ਸਹਿਯੋਗ ਲੋੜੀਂਦਾ ਹੈ।
ਅਫ਼ਵਾਹ ਦਾ ਬਾਜ਼ਾਰ ਗਰਮ ਰਿਹਾ ਕਿ ਕਿ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਸਾਰੇ ਹੀ ਅਧਿਆਪਨ, ਗ਼ੈਰ-ਅਧਿਆਪਨ ਅਮਲੇ ਨੂੰ ਤਨਖ਼ਾਹਾਂ ਦੇਣ ਲਈ ਦੀ ਰਾਸ਼ੀ ਉਪਲਬਧ ਹੈ।’ ਯੂਨੀਵਰਸਿਟੀ ਦਾ ਖਾਤਾ ਸਾਬਤ ਕਰ ਸਕਦਾ ਹੈ ਕਿ ਇਹ ਨਿਰੋਲ ਕਲਪਨਾ ਹੈ।
ਯੂਨੀਵਰਸਿਟੀ ਦਾ ਦਾਅਵਾ ਹੈ ਕਿ ਲੋੜੀਂਦੀ ਗਰਾਂਟ ਮਿਲਦੀ ਸਾਰ ਸਭ ਦੀ ਤਨਖ਼ਾਹ ਦੇ ਦਿੱਤੀ ਜਾਵੇਗੀ। ਚਾਲੂ ਮਹੀਨੇ ਦੌਰਾਨ ਸਿਰਫ਼ 'ਸੀ ਜਮਾਤ' ਦੀ ਤਨਖ਼ਾਹ ਦੇ ਦਿੱਤੀ ਗਈ ਹੈ। ਬਾਕੀ ਕਰਮਚਾਰੀਆਂ ਅਤੇ ਅਧਿਆਪਕਾਂ ਦੀ ਤਨਖ਼ਾਹ ਬਾਕਾਇਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਬਾਕਾਇਆ ਇਸ ਤੋਂ ਕਿਤੇ ਜ਼ਿਆਦਾ ਰਿਹਾ ਹੈ। ਹੁਣ ਯੂਨੀਵਰਸਿਟੀ ਦੀ ਵਿੱਤੀ ਹਾਲਤ ਪਹਿਲਾਂ ਦੇ ਮੁਕਾਬਲੇ ਬਿਹਤਰ ਹੈ।
ਪ੍ਰੋ ਗੋਇਲ ਦਾ ਕਹਿਣਾ ਹੈ ਕਿ ਲੰਮੀ ਦੇਰ ਬਾਅਦ ਯੂਨੀਵਰਸਿਟੀ ਦਾ ਸਮੈਸਟਰ ਇਮਤਿਹਾਨ ਸਮੇਂ ਸਿਰ ਹੋ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਇਮਤਿਹਾਨ ਕਾਮਯਾਬੀ ਨਾਲ ਸਿਰੇ ਚੜ੍ਹਨਗੇ ਅਤੇ ਸਮੁੱਚੇ ਅਧਿਆਪਕਾਂ ਦਾ ਸਹਿਯੋਗ ਬਣਿਆ ਰਹੇਗਾ। ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਪੜ੍ਹਣ-ਪੜ੍ਹਾਉਣ ਦਾ ਕੰਮ ਕੇਂਦਰੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਅਧਿਆਪਨ ਅਤੇ ਗ਼ੈਰ-ਅਧਿਆਪਨ ਤਬਕਾ ਯੂਨੀਵਰਸਿਟੀ ਨੂੰ ਗਿਆਨ-ਵਿਿਗਆਨ ਦੇ ਉੱਚ-ਦੁਮਾਲੜੇ ਨਾਲ ਜੋੜੇਗਾ ਤਾਂ ਹੀ ਅਦਾਰੇ ਦਾ ਅਕਸ ਬਿਹਤਰ ਹੋ ਸਕਦਾ ਹੈ ਅਤੇ ਯੂਨੀਵਰਸਿਟੀ ਦਾ ਮਨੋਰਥ ਪੂਰਾ ਹੋ ਸਕਦਾ ਹੈ।