ਪਟਿਆਲਾ : ਭਾਰਤੀ ਫ਼ੌਜ 'ਚ ਵੱਖ-ਵੱਖ ਵਰਗਾਂ ਵਿਚ ਭਰਤੀ ਲਈ ਫਿਜ਼ੀਕਲ ਟੈਸਟ ਤੋਂ ਬਾਅਦ ਹੁਣ ਪਾਸ ਉਮੀਦਵਾਰਾਂ ਦਾ ਲਿਖਤੀ ਟੈਸਟ 25 ਅਪ੍ਰੈਲ ਨੂੰ ਲਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਇਸ ਭਰਤੀ ਰੈਲੀ 'ਚ ਫਿਜ਼ੀਕਲ ਟੈਸਟ ਪਾਸ ਉਮੀਦਵਾਰਾਂ ਦਾ ਲਿਖਤੀ ਟੈਸਟ 25 ਅਪ੍ਰੈਲ ਨੂੰ 1 ਆਰਮੀ ਡਵੀਜ਼ਨ ਸਿਗਨਲ ਰੈਜੀਮੈਂਟ ਗਰਾਊਂਡ, ਸਾਹਮਣੇ ਪਟਿਆਲਾ ਫਲਾਇੰਗ ਕਲੱਬ ਪਟਿਆਲਾ-ਸੰਗਰੂਰ ਰੋਡ 'ਤੇ ਲਿਆ ਜਾ ਰਿਹਾ ਹੈ।
ਕਰਨਲ ਆਰ. ਆਰ. ਚੰਦੇਲ ਨੇ ਦੱਸਿਆ ਕਿ ਪੰਜ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਦੇ ਉਮੀਦਵਾਰਾਂ ਨੂੰ ਐਡਮਿਟ ਕਾਰਡ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਿਖਤ ਪ੍ਰੀਖਿਆ ਸਵੇਰੇ 10 ਵਜੇ ਤੋਂ 11 ਵਜੇ ਤੱਕ ਹੋਵੇਗੀ ਅਤੇ ਰਿਪੋਰਟ ਕਰਨ ਦਾ ਸਮਾਂ ਸਵੇਰੇ 3 ਵਜੇ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸਥਾਨ 'ਤੇ ਮੋਬਾਇਲ, ਬਲੂਟੂਥ, ਸਮਾਰਟ ਵਾਚ ਅਤੇ ਕੈਲਕੂਲੇਟਰ ਲਿਜਾਣ ਦੀ ਆਗਿਆ ਨਹੀਂ ਹੋਵੇਗੀ ਅਤੇ ਪ੍ਰੀਖਿਆਰਥੀ ਆਪਣੇ ਨਾਲ ਐਡਮਿਟ ਕਾਰਡ ਤੇ ਨੀਲਾ ਜਾਂ ਕਾਲਾ ਬਾਲ ਪੁਆਇੰਟ ਪੈੱਨ ਲੈਕੇ ਆਉਣ ਅਤੇ ਇਮਤਿਹਾਨ ਖੁੱਲੇ ਮੈਦਾਨ 'ਚ ਲਿਆ ਜਾਣ ਹੈ ਇਸ ਲਈ ਗੱਤਾ (ਕਲਿੱਪ ਬੋਰਡ) ਨਾਲ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇਣ ਵਾਲੇ ਨੌਜਵਾਨਾਂ ਨੂੰ ਪ੍ਰੀਖਿਆ ਸਮੇਂ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਬਿਠਾਇਆ ਜਾਵੇਗਾ ਅਤੇ ਪ੍ਰੀਖਿਆਰਥੀਆਂ ਲਈ ਆਰ.ਟੀ.ਪੀ.ਸੀ.ਆਰ ਟੈਸਟ ਰਿਪੋਰਟ ਲਿਖਤ ਪ੍ਰੀਖਿਆ ਸਮੇਂ ਜ਼ਰੂਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਆਪਣੇ ਨਾਲ ਸੈਨੇਟਾਈਜ਼ਰ, ਮਾਸਕ ਅਤੇ ਪਾਣੀ ਦੀ ਬੋਤਲ ਸਮੇਤ ਖਾਣ ਲਈ ਵੀ ਕੁਝ ਲਿਆ ਸਕਦੇ ਹਨ, ਜਿਸ ਨੂੰ ਜਾਂਚ ਤੋਂ ਬਾਅਦ ਪ੍ਰੀਖਿਆ ਕੇਂਦਰ 'ਚ ਲੈਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀ ਗਰਮੀ ਤੋਂ ਬਚਾਅ ਲਈ ਕੈਪ ਦੀ ਵਰਤੋਂ ਵੀ ਕਰ ਸਕਦੇ ਹਨ।
ਡਾਇਰੈਕਟਰ ਆਰਮੀ ਭਰਤੀ ਨੇ ਕਿਹਾ ਕਿ ਲਿਖਤ ਪ੍ਰੀਖਿਆ ਦੇਣ ਆਉਣ ਸਮੇਂ ਪ੍ਰੀਖਿਆਰਥੀ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨਾ ਯਕੀਨੀ ਬਣਾਉਣ।