ਸੁਨਾਮ : ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀ ਭਰਤੀ ਦੀ ਮੰਗ ਨੂੰ ਲੈਕੇ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਹੁਣ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਲਾਰਿਆਂ ਤੋਂ ਅੱਕਕੇ ਨਵੇਂ ਸਾਲ ਪਹਿਲੀ ਜਨਵਰੀ ਨੂੰ ਸਿਹਤ ਮੰਤਰੀ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੇ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਜਾਣਕਾਰੀ ਦਿੰਦਿਆਂ ਯੂਨੀਅਨ ਆਗੂ ਰੁਪਿੰਦਰ ਸੁਨਾਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਚੋਣ ਵਾਅਦਿਆਂ ਦੌਰਾਨ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਵਿਸ਼ੇਸ਼ ਤੌਰ ' ਤੇ ਭਰਤੀਆਂ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਕਰੀਬ ਪੌਣੇ ਦੋ ਸਾਲ ਵਿੱਚ ਸਿਹਤ ਵਿਭਾਗ ਅੰਦਰ ਮਲਟੀਪਰਪਜ਼ ਹੈਲਥ ਵਰਕਰ ਦੀ ਇੱਕ ਵੀ ਅਸਾਮੀ ਲਈ ਇਸ਼ਤਿਹਾਰ ਨਹੀਂ ਦਿੱਤਾ ਗਿਆ।ਜਦਕਿ ਸੂਬੇ ਅੰਦਰ ਡੇਂਗੂ ਅਤੇ ਚਿਕਨਗੁਨੀਆ ਸਮੇਤ ਅਨੇਕਾਂ ਬਿਮਾਰੀਆਂ ਕੀਮਤੀ ਜਾਨਾਂ ਲੈ ਰਹੀਆਂ ਹਨ।ਉਹਨਾਂ ਕਿਹਾ ਕਿ ਜਥੇਬੰਦੀ ਦੇ ਆਗੂਆਂ ਨਾਲ ਸਿਹਤ ਮੰਤਰੀ ਨਾਲ ਹੋਈਆਂ ਦਰਜਨਾਂ ਮੀਟਿੰਗਾਂ ਵਿੱਚ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਦੀ ਲੰਮੀ ਉਡੀਕ ਕਾਰਨ ਜ਼ਿਆਦਾਤਰ ਸਿਹਤ ਕਾਮੇ ਉਮਰ ਦੀ ਹੱਦ ਪਾਰ ਕਰ ਰਹੇ ਹਨ। ਯੂਨੀਅਨ ਆਗੂ ਰੁਪਿੰਦਰ ਸੁਨਾਮ ਨੇ ਕਿਹਾ ਕਿ ਸਿਹਤ ਵਿਭਾਗ ਅੰਦਰ ਵਰਕਰ ਪੁਰਸ਼ ਦੀਆਂ ਅੰਦਾਜ਼ਨ 270 ਅਸਾਮੀਆਂ ਮਨਜੂਰ ਹੋਣ ਦੀਆਂ ਕਨਸੋਆਂ ਹਨ ਪ੍ਰੰਤੂ ਜੇਕਰ ਇਹ ਇਸ਼ਤਿਹਾਰ 31 ਦਸੰਬਰ ਤੋ ਪਹਿਲਾਂ ਜਾਰੀ ਹੁੰਦਾ ਤਾਂ 1 ਜਨਵਰੀ 2023 ਮਗਰੋ ਓਵਰ ਏਜ਼ ਹੋਣ ਵਾਲੇ ਸਾਰੇ ਉਮੀਦਵਾਰਾਂ ਨੂੰ ਅਪਲਾਈ ਕਰਨ ਦਾ ਮੌਕਾ ਮਿਲ ਜਾਂਦਾ।ਜਦਕਿ ਆਉਣ ਵਾਲੇ ਸਮੇਂ ਜਦੋਂ ਵੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਹੋਇਆ ਤਾਂ ਉਮਰ ਸੀਮਾ ਤੈਅ ਕਰਨ ਲਈ 1 ਜਨਵਰੀ 2024 ਨੂੰ ਮੁੱਢਲੀ ਤਾਰੀਖ ਮੰਨਿਆ ਜਾਵੇਗਾ।ਇਸ ਤਰ੍ਹਾਂ ਸਰਕਾਰ ਦੀ ਲਾਪਰਵਾਹੀ ਨਾਲ ਹਜ਼ਾਰਾਂ ਕੋਰਸ ਪਾਸ ਬੇਰੁਜ਼ਗਾਰ ਓਵਰ ਏਜ਼ ਦੀ ਸ੍ਰੇਣੀ ਵਿੱਚ ਸ਼ਾਮਿਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਨਵੇਂ ਸਾਲ ਦੀ ਸ਼ੁਰੂਆਤ ਹੁੰਦਿਆਂ ਪਹਿਲੀ ਜਨਵਰੀ ਨੂੰ ਜਥੇਬੰਦੀ ਸਿਹਤ ਮੰਤਰੀ ਦੀ ਪਟਿਆਲਾ ਵਿਖੇ ਰਿਹਾਇਸ਼ ਦਾ ਘਿਰਾਓ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜ ਸੰਗਤੀਵਾਲਾ,ਤਰਲੋਚਨ ਸਿੰਘ ਨਾਗਰਾ, ਨਾਹਰ ਸਿੰਘ ਝਨੇੜੀ ਆਦਿ ਆਗੂ ਹਾਜ਼ਰ ਸਨ।