ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਇਨ੍ਹੀਂ ਦਿਨੀਂ ਆਪਣੇ ਕੰਮ ਵਿੱਚ ਹੋਰ ਤੇਜ਼ੀ ਲਿਆ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਐੱਮ. ਟੈਕ. ਆਰਟੀਫਿਸ਼ਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ ਕੋਰਸ ਦੇ ਤੀਜੇ ਸਮੈਸਟਰ ਦਾ ਨਤੀਜਾ ਹੈ ਜੋ ਕਿ ਪ੍ਰੀਖਿਆ ਖਤਮ ਹੋਣ ਤੋਂ ਸਿਰਫ਼ ਇੱਕ ਹਫ਼ਤੇ ਦੇ ਅੰਦਰ ਹੀ ਐਲਾਨ ਦਿੱਤਾ ਗਿਆ। ਇਹ ਨਤੀਜਾ ਹੁਣ ਯੂਨੀਵਰਸਿਟੀ ਦੀ ਵੈੱਬਸਾਈਟ ਉੱਤੇ ਉਪਲਬਧ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵੱਲੋਂ ਹਾਲ ਹੀ ਵਿੱਚ ਆਪਣੇ ਪ੍ਰੀਖਿਆ ਸ਼ਾਖਾ ਦੇ ਸਮੁੱਚੇ ਕੰਮ ਕਾਜ ਨੂੰ ਬਿਹਤਰ ਅਤੇ ਸੁਚਾਰੂ ਬਣਾਉਣ ਹਿਤ ਨਵੀਂ ਟੀਮ ਦਾ ਗਠਨ ਕੀਤਾ ਗਿਆ ਸੀ। ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਦੀ ਅਗਵਾਈ ਵਿੱਚ ਕੰਮ ਕਰਨ ਵਾਲ਼ੀ ਇਸ ਟੀਮ ਵਿੱਚ ਡਿਪਟੀ ਰਜਿਸਟਰਾਰ ਡਾ. ਧਰਮਪਾਲ ਗਰਗ ਨੂੰ ਅਡੀਸ਼ਨਲ ਕੰਟਰੋਲਰ ਵਜੋਂ ਤਾਇਨਾਤ ਕੀਤਾ ਗਿਆ ਸੀ ਜਦੋਂ ਕਿ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਬਾਲ ਕ੍ਰਿਸ਼ਨ ਅਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵਿਭਾਗ ਤੋਂ ਡਾ. ਹਰਜਿੰਦਰ ਸਿੰਘ ਨੂੰ ਡਿਪਟੀ ਕੰਟਰੋਲਰ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਕੰਟਰੋਲਰ ਪ੍ਰੋ. ਵਿਸ਼ਾਲ ਗੋਇਲ ਨੇ ਕਿਹਾ ਕਿ ਇਹ ਸਭ ਸਮੁੱਚੀ ਟੀਮ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਪ੍ਰੀਖਿਆਵਾਂ ਦੇ ਨਤੀਜੇ ਐਲਾਨਣ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਤੇਜ਼ੀ ਆਈ ਹੈ। ਆਉਣ ਵਾਲੇ ਸਮੇਂ ਵਿੱਚ ਇਸ ਪ੍ਰਕਿਰਿਆ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰੀਖਿਆ ਦੇ ਨਤੀਜੇ ਐਲਾਨਣ ਵਿੱਚ ਪ੍ਰੀਖਿਆ ਸ਼ਾਖਾ ਦੇ ਪੱਧਰ ਉੱਤੇ ਕਿਸੇ ਕਿਸਮ ਦੀ ਕੋਈ ਢਿੱਲ ਜਾਂ ਦੇਰੀ ਨਹੀਂ ਕੀਤੀ ਜਾਵੇਗੀ। ਜਿਵੇਂ ਹੀ ਸੰਬੰਧਤ ਪ੍ਰੀਖਿਆ ਦੇ ਸੰਬੰਧਤ ਅਧਿਆਪਕਾਂ ਵੱਲੋਂ ਪੇਪਰ ਚੈੱਕ ਕਰਨ ਉਪਰੰਤ ਅੰਕ-ਸੂਚੀ ਮੁਹੱਈਆ ਕਰਵਾਈ ਜਾਵੇਗੀ ਤਾਂ ਤੁਰੰਤ ਉਸ ਦਾ ਨਤੀਜਾ ਐਲਾਨ ਦਿੱਤਾ ਜਾਵੇਗਾ। ਵਾਈਸ-ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰੀਖਿਆ ਸ਼ਾਖਾ ਦੀ ਬਿਹਤਰੀ ਲਈ ਯੂਨੀਵਰਸਿਟੀ ਵੱਲੋਂ ਉਠਾਏ ਗਏ ਕਦਮਾਂ ਦੇ ਸਕਾਰਾਤਮਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਉਮੀਦ ਪ੍ਰਗਟਾਈ ਕੇ ਭਵਿੱਖ ਵਿੱਚ ਪ੍ਰੀਖਿਆ ਸ਼ਾਖਾ ਦਾ ਕੰਮ ਹੋਰ ਵੀ ਵਧੇਰੇ ਤੇਜ਼ੀ ਨਾਲ਼ ਅਤੇ ਸੁਚਾਰੂ ਰੂਪ ਵਿੱਚ ਹੋਵੇਗਾ ਜਿਸ ਨਾਲ਼ ਨਿਸ਼ਚੇ ਹੀ ਵਿਦਿਆਰਥੀਆਂ ਨੂੰ ਲਾਭ ਪਹੁੰਚੇਗਾ। ਜ਼ਿਕਰਯੋਗ ਹੈ ਕਿ ਹੁਣ ਪ੍ਰੀਖਿਆ ਸ਼ਾਖਾ ਵੱਲੋਂ ਐਲਾਨੇ ਜਾਣ ਵਾਲ਼ੇ ਹਰੇਕ ਨਤੀਜੇ ਦੀ ਜਾਣਕਾਰੀ ਵਿਦਿਆਰਥੀਆਂ ਤੱਕ ਤੁਰੰਤ ਪਹੁੰਚਦੀ ਕਰਨ ਹਿਤ ਯੂਨੀਵਰਸਿਟੀ ਦੇ ਵੱਖ-ਵੱਖ ਸੋਸ਼ਲ ਮੀਡੀਆ ਮਾਧਿਅਮਾਂ ਰਾਹੀਂ ਵੀ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ।