ਪਿਆਰੇ ਬੱਚਿਓ ! ਜਿਵੇਂ ਕਿ ਤੁਸੀਂ ਆਪਣੇ ਆਲੇ - ਦੁਆਲੇ ਦੇਖਦੇ ਹੀ ਹੋ ਕਿ ਦੁਨੀਆ ਵਿੱਚ ਆਪਣੀ ਸ਼ਰਧਾ , ਭਾਵਨਾ , ਵਿਸ਼ਵਾਸ ਅਤੇ ਗਿਆਨ ਅਨੁਸਾਰ ਹਰ ਮਨੁੱਖ ਕਿਸੇ ਨਾ ਕਿਸੇ ਧਰਮ , ਧਾਰਮਿਕ ਅਸਥਾਨ , ਧਾਰਮਿਕ ਰੀਤੀ - ਰਿਵਾਜਾਂ , ਧਾਰਮਿਕ ਪਰੰਪਰਾਵਾਂ ਤੇ ਧਾਰਮਿਕ ਵਿਸ਼ਵਾਸਾਂ ਦੇ ਨਾਲ ਜੁੜਿਆ ਹੋਇਆ ਹੈ। ਹਰ ਮਨੁੱਖ ਆਪਣੀ ਸ਼ਰਧਾ ਤੇ ਮਨ ਦੀ ਭਾਵਨਾ ਦੇ ਅਨੁਸਾਰ ਆਪਣੇ ਧਰਮ ਦਾ ਸਤਿਕਾਰ ਕਰਦਾ ਹੈ , ਆਪਣੇ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੁੰਦਾ ਹੈ ਭਾਵ ਕਿ ਮੱਥਾ ਟੇਕਦਾ ਹੈ। ਇਸੇ ਤਰ੍ਹਾਂ ਹਰ ਕੋਈ ਆਪਣੇ ਮਨ ਦੀ ਸ਼ਾਂਤੀ ਲਈ ਇੱਕ ਆਸਥਾ ਦੇ ਨਾਲ ਆਪਣੇ ਧਰਮ ਪ੍ਰਤੀ ਲਗਨ ਤੇ ਵਿਸ਼ਵਾਸ ਰੱਖਦਾ ਹੈ। ਬੱਚਿਓ ! ਜਿੱਥੇ ਸਾਨੂੰ ਆਪਣੇ ਧਰਮ ਪ੍ਰਤੀ ਇੱਜਤ , ਸਤਿਕਾਰ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ , ਉੱਥੇ ਹੀ ਸਾਨੂੰ ਦੁਨੀਆ ਦੇ ਬਾਕੀ ਸਾਰੇ ਧਰਮਾਂ ਦਾ ਵੀ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਕਿਸੇ ਵੀ ਧਰਮ , ਧਰਮ ਅਸਥਾਨ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਨੂੰ ਕਦੇ ਵੀ ਬੁਰਾ - ਭਲਾ ਨਹੀਂ ਕਹਿਣਾ ਚਾਹੀਦਾ। ਹਰੇਕ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਤੇ ਵਿਸ਼ਵਾਸ ਹੁੰਦੇ ਹਨ ਅਤੇ ਹਰੇਕ ਧਰਮ ਦੇ ਵਿੱਚ ਮਹਾਂਪੁਰਖਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ ਮਨੁੱਖੀ ਜੀਵਨ ਲਈ ਵਡਮੁੱਲੇ ਤੇ ਬਹੁਤ ਮਹੱਤਵਪੂਰਨ ਸੁਝਾਅ ਦੱਸੇ ਗਏ ਹੁੰਦੇ ਹਨ। ਬੱਚਿਓ ! ਸਾਨੂੰ ਸਭ ਧਾਰਮਿਕ ਸਥਾਨਾਂ 'ਤੇ ਜਾਣਾ ਚਾਹੀਦਾ ਹੈ। ਸਾਨੂੰ ਸਭ ਧਰਮਾਂ ਦੇ ਧਾਰਮਿਕ ਪ੍ਰੋਗਰਾਮਾਂ ਵਿੱਚ ਸ਼ਰਧਾ ਨਾਲ ਸ਼ਮੂਲੀਅਤ ਦਰਜ ਕਰਵਾਉਣੀ ਚਾਹੀਦੀ ਹੈ ਤੇ ਹਰੇਕ ਧਰਮ ਦੇ ਵਿੱਚ ਦੱਸੀਆਂ ਚੰਗੀਆਂ ਗੱਲਾਂ ਅਤੇ ਤਜਰਬਿਆਂ ਨੂੰ ਧਿਆਨ ਨਾਲ ਸੁਣਨਾ , ਸਮਝਣਾ ਅਤੇ ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਲਈ ਉਹਨਾਂ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ ! ਜਦੋਂ ਵੀ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਕਿਸੇ ਵੀ ਧਾਰਮਿਕ ਸਥਾਨ 'ਤੇ ਜਾਂਦੇ ਹਾਂ ਤਾਂ ਸਾਨੂੰ ਹਮੇਸ਼ਾ ਸਿਰ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਹਰੇਕ ਧਰਮ ਦਾ ਅਤੇ ਧਾਰਮਿਕ ਗ੍ਰੰਥ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੀ ਸ਼ਰਧਾ ਦੇ ਨਾਲ ਤਿਲ - ਫੁਲ ਭੇਂਟ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ ! ਸਭ ਧਰਮ ਮਾਨਵ ਜੀਵਨ ਦੀ ਭਲਾਈ ਲਈ , ਸਾਨੂੰ ਤਰੱਕੀ ਦੇਣ ਲਈ ਤੇ ਸਾਡੇ ਸੁਚੱਜੇ ਮਾਰਗਦਰਸ਼ਨ ਲਈ ਹਨ ਤੇ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਕੇ ਉਹਨਾਂ ਤੋਂ ਚੰਗੀ ਸਿੱਖਿਆ ਤੇ ਯੋਗ ਅਗਵਾਈ ਲੈ ਕੇ ਆਪਣੇ ਜੀਵਨ ਨੂੰ ਖੁਸ਼ਨੁਮਾ ਬਣਾਉਣਾ ਚਾਹੀਦਾ ਹੈ। ਜੇਕਰ ਅਸੀਂ ਆਪਣੇ ਧਰਮ ਦੇ ਨਾਲ - ਨਾਲ ਦੂਸਰਿਆਂ ਦੇ ਧਰਮ ਦਾ ਸਤਿਕਾਰ ਕਰੀਏ ਤਾਂ ਆਪਸੀ ਪ੍ਰੇਮ - ਪਿਆਰ , ਭਾਈਚਾਰਕ ਸਾਂਝ , ਭਾਈਚਾਰਕ ਏਕਤਾ , ਮਿਲਵਰਤਨ ਅਤੇ ਸਮਾਜਿਕ ਸਦਭਾਵਨਾ ਪੈਦਾ ਹੁੰਦੀ ਹੈ ਅਤੇ ਸਾਡੇ ਮਨ ਨੂੰ ਸੁਕੂਨ ਵੀ ਮਿਲਦਾ ਹੈ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ - ਸ੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356