ਬਰਨਾਲਾ : ਦੋ ਦਹਾਕਿਆਂ ਤੋਂ ਵੀ ਜਿਆਦਾ ਲੰਬੇ ਅਰਸੇ ਦਾ ਸੋਕਾ ਤੋੜਦਿਆਂ ਪੰਜਾਬ ਦੀਆਂ ਕੁੜੀਆਂ ਨੇ 67ਵੀਆਂ ਨੈਸ਼ਨਲ ਸਕੂਲ ਖੇਡਾਂ ਵਾਲੀਬਾਲ ਅੰਡਰ 17 ਸਾਲ ਉਮਰ ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਗਮਾ ਪੰਜਾਬ ਦੀ ਝੋਲੀ ਪਾਇਆ ਹੈ। ਤਾਮਿਲਨਾਡੂ ਤੋਂ ਵਾਪਸੀ 'ਤੇ ਜੇਤੂ ਟੀਮ ਦਾ ਪਿੰਡ ਬਡਬਰ ਵਿਖੇ ਹਾਰ ਪਹਿਨਾ ਕੇ ਅਤੇ ਢੋਲ ਵਜਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਤਾਮਿਲਨਾਡੂ ਦੇ ਤ੍ਰਿਚਾਪਲੀ ਵਿਖੇ ਹੋਈਆਂ 67ਵੀਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ 3–1 ਦੇ ਫਰਕ ਨਾਲ ਹਰਾ ਕੇ ਪੰਜਾਬ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਹੈ। ਉਹਨਾਂ ਨੇ ਦੱਸਿਆ ਕਿ ਪੂਲ ਮੈਚਾਂ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਸਾਰੇ ਮੈਚਾਂ ਨੂੰ ਇੱਕਤਰਫਾ ਕਰਦਿਆਂ ਉੜੀਸਾ ਦੀ ਟੀਮ ਨੂੰ 2–0, ਹਿਮਾਚਲ ਪ੍ਰਦੇਸ਼ ਦੀ ਟੀਮ ਨੂੰ 2–0 ਅਤੇ ਸੀ.ਆਈ.ਸੀ.ਐਸ. ਦੀ ਟੀਮ ਨੂੰ ਵੀ 2–0 ਨਾਲ ਹਰਾ ਕੇ ਆਪਣੇ ਪੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਪ੍ਰੀ–ਕੁਆਰਟਰ ਫਾਈਨਲ ਮੁਕਾਬਲੇ ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਨੂੰ 3–1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਕੁਆਰਟਰ ਫਾਈਨਲ ਮੈਚ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੰਜਾਬ ਦੀਆਂ ਕੁੜੀਆਂ ਨੇ ਰਾਜਸਥਾਨ ਨੂੰ 3–1 ਨਾਲ ਹਰਾਇਆ ਸੀ।
ਪੰਜਾਬ ਦੀ ਜਸ਼ਨਪ੍ਰੀਤ ਕੌਰ (ਸਾਈ ਵਿੰਗ ਬਾਦਲ) ਨੂੰ ਟੂਰਨਾਮੈਂਟ ਦੀ ਸਭ ਤੋਂ ਵਧੀਆ ਖਿਡਾਰਨ ਚੁਣਿਆ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਦੀ ਇਸ ਟੀਮ ਵਿੱਚ ਪਿੰਡ ਬਡਬਰ (ਬਰਨਾਲਾ) ਦੀਆਂ 3, ਲੁਧਿਆਣਾ ਦੀ 1, ਸਾਈ ਵਿੰਗ ਬਾਦਲ ਦੀਆਂ 5 ਅਤੇ ਫਰੀਦਕੋਟ ਦੀਆਂ 3 ਖਿਡਾਰਨਾਂ ਸ਼ਾਮਲ ਸਨ। ਡਿਪਟੀ ਡਾਇਰੈਕਟਰ ਖੇਡਾਂ (ਫਿਜੀਕਲ ਐਜੂਕੇਸ਼ਨ ) ਪੰਜਾਬ ਸੁਨੀਲ ਕੁਮਾਰ, ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਸ਼ਮਸ਼ੇਰ ਸਿੰਘ ਅਤੇ ਉੱਪ–ਜਿਲ੍ਹਾ ਸਿੱਖਿਆ ਅਫਸਰ ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਨੇ ਜੇਤੂ ਖਿਡਾਰਨਾਂ, ਟੀਮ ਕੋਚ ਗੁਰਦੀਪ ਸਿੰਘ ਬੁਰਜਹਰੀ, ਟੀਮ ਮੈਨੇਜਰ ਪਰਮਜੀਤ ਕੌਰ ਅਤੇ ਜਨਰਲ ਮੈਨੇਜਰ ਗੁਰਚਰਨ ਸਿੰਘ ਬੇਦੀ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਕੀਤੀ ਕਿ ਪੰਜਾਬ ਦੀਆਂ ਇਹ ਖਿਡਾਰਨਾਂ ਭਵਿੱਖ ਵਿੱਚ ਵੀ ਹੋਰ ਵੱਡੀਆਂ ਪ੍ਰਾਪਤੀਆਂ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਦੀਆਂ ਰਹਿਣਗੀਆਂ। ਇਸ ਮੌਕੇ ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਸਕੂਲ ਮੁਖੀ ਜਸਵੀਰ ਸਿੰਘ, ਅਵਤਾਰ ਸਿੰਘ, ਅਨੀਤਾ ਪਾਠਕ, ਤਰਨਜੋਤ, ਅਰਵਿੰਦਰ ਸਿੰਘ ਨੀਲੂ, ਗੁਰਮੁਖ ਸਿੰਘ, ਮਨਦੀਪ ਸਿੰਘ, ਗੁਰਦੀਪ ਸਿੰਘ ਬੁਰਜਹਰੀ, ਪਰਮਜੀਤ ਕੌਰ, ਗੁਰਚਰਨ ਸਿੰਘ ਬੇਦੀ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ। ਪਿੰਡ ਬਡਬਰ ਵਿਖੇ ਨੈਸ਼ਨਲ ਖੇਡਾਂ ਵਿੱਚੋਂ ਕਾਂਸੀ ਦਾ ਤਗਮਾ ਜੇਤੂ ਕੁੜੀਆਂ ਦੀ ਵਾਲੀਬਾਲ ਟੀਮ ਦਾ ਸਵਾਗਤ ਕਰਦੇ ਹੋਏ ਪਤਵੰਤੇ। ਤਾਮਿਲਨਾਡੂ ਵਿਖੇ ਮੁੱਖ ਮਹਿਮਾਨ ਤੋਂ ਜੇਤੂ ਟਰਾਫੀ ਹਾਸਲ ਕਰਦੇ ਹੋਏ ਟੀਮ ਕੋਚ ਅਤੇ ਖਿਡਾਰਨਾਂ।