ਪਟਿਆਲਾ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਵਾਈਸ-ਚਾਂਸਲਰ ਸ੍ਰੀਮਤੀ ਰਵਨੀਤ ਕੌਰ ਦੀ ਸਰਪ੍ਰਸਤੀ ਵਿਚ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ : ਸੰਗੀਤਕ ਪਰਿਪੇਖ ਵਿਸ਼ੇ 'ਤੇ ਇਕ ਰੋਜ਼ਾ ਵੈਬੀਨਾਰ ਕਰਵਾਇਆ ਗਿਆ।
ਸ਼ੁਰੂਆਤ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਦੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਦੱਸਦਿਆਂ ਵਿਦਵਾਨਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਵੈਬੀਨਾਰ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਰਦਿਆਂ ਯੂਨੀਵਰਸਿਟੀ ਵਿਖੇ 2003 ਤੋਂ ਸਥਾਪਤ ਗੁਰਮਤਿ ਸੰਗੀਤ ਚੇਅਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ। 400 ਸਾਲ ਪੁਰਾਣੀ ਬਾਗੜੀਆ ਪਰੰਪਰਾ ਦੇ ਵਾਰਸ ਤੇ ਉੱਘੇ ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਮੁੱਖ ਵਕਤਾ ਵਜੋਂ ਉੱਘੀ ਸ਼ਾਸਤਰੀ ਗਾਇਕਾ ਤੇ ਸੰਗੀਤ ਵਿਭਾਗ 'ਚ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ਗੁਰੂ ਤੇਗ ਬਹਾਦਰ ਬਾਣੀ ਵਿਚੋਂ ਗਾਇਨ ਕੀਤਾ ਅਤੇ ਦੱਸਿਆ ਕਿ ਗੁਰੂ ਸਾਹਿਬ ਨੇ 17 ਰਾਗਾਂ 'ਚ 59 ਸ਼ਬਦਾਂ ਤੋਂ ਇਲਾਵਾ 57 ਸਲੋਕ ਉਚਾਰੇ ਹਨ। ਅੰਤ 'ਚ ਸਿੱਖ ਵਿਸ਼ਵ-ਕੋਸ਼ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਨੇ ਵੈਬੀਨਾਰ 'ਚ ਸ਼ਾਮਲ ਵਿਦਵਾਨਾਂ, ਮਹਿਮਾਨਾਂ ਤੇ ਸਰੋਤਿਆਂ ਦਾ ਯੂਨੀਵਰਸਿਟੀ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਇਹ 45ਵਾਂ ਵੈਬੀਨਾਰ ਮੀਲ ਪੱਥਰ ਸਾਬਤ ਹੋਇਆ ਹੈ।
ਵੈਬੀਨਾਰ ਵਿੱਚ ਫ਼ੈਕਲਟੀ ਅਤੇ ਖੋਜਾਰਥੀਆਂ ਸਮੇਤ ਵੱਡੀ ਗਿਣਤੀ 'ਚ ਦੇਸ਼-ਵਿਦੇਸ਼ ਤੋਂ ਸਰੋਤੇ ਜੁੜੇ ਜਿਨ੍ਹਾਂ 'ਚ ਕੈਨੇਡਾ ਤੋਂ ਡਾ. ਸੁਰਿੰਦਰ ਧੰਜਲ, ਲਖਬੀਰ ਸਿੰਘ ਰਤਨਪਾਲ, ਕੁਲਵਿੰਦਰ ਕੁਲਾਰ, ਯੂ.ਕੇ. ਤੋਂ ਗੁਰਬਖਸ਼ ਸਿੰਘ, ਨਿਰਮਲ ਸਿੰਘ ਸਿੱਧੂ ਤੋਂ ਇਲਾਵਾ ਡਾ. ਮੁਕੇਸ਼ ਗਰਗ, ਡਾ. ਬਲਵਿੰਦਰ ਪਾਲ ਸਿੰਘ, ਡਾ. ਰਵੀ ਸ਼ਰਮਾ, ਡਾ. ਭੀਮਇੰਦਰ ਸਿੰਘ, ਡਾ. ਇੰਦਿਰਾ ਬਾਲੀ, ਡਾ. ਲਲਿਤਾ ਜੈਨ, ਡਾ. ਅੰਬੁਜ ਮਾਲਾ, ਡਾ. ਹਰਮਿੰਦਰ ਕੌਰ, ਸ. ਜਸਬੀਰ ਸਿੰਘ ਜਵੱਦੀ ਆਦਿ ਸ਼ਾਮਲ ਹੋਏ।