ਬਰਨਾਲਾ : ਨਗਰ ਕੌਂਸਲ ਬਰਨਾਲਾ ਦੇ ਸੈਨੀਟੇਸ਼ਨ ਸਟਾਫ ਅਤੇ ਸਫਾਈ ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿਸ ਬਦੌਲਤ ਬਰਨਾਲਾ ਸ਼ਹਿਰ ਨੂੰ ਓਡੀਐਫ ਪਲੱਸ ਪਲੱਸ ਦਾ ਦਰਜਾ ਮਿਲਿਆ ਅਤੇ ਸਫਾਈ ਪੱਖੋਂ ਵੱਡੇ ਪੱਧਰ ’ਤੇ ਸੁਧਾਰ ਹੋਇਆ ਹੈ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਦਫਤਰ ਨਗਰ ਕੌਂਸਲ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਦੇ ਸਨਮਾਨ ਮੌਕੇ ਕੀਤਾ ਗਿਆ। ਇਸ ਮੌਕੇ ਐਸਡੀਐਮ ਬਰਨਾਲਾ ਸ੍ਰੀ ਵਰਜੀਤ ਵਾਲੀਆ ਵੀ ਹਾਜ਼ਰ ਸਨ।
ਨਗਰ ਕੌਂਸਲ ਬਰਨਾਲਾ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਵਧੀਆ ਸੇਵਾਵਾਂ ਨਿਭਾਉਣ ਬਦਲੇ ਸ਼ਹਿਰ ਦੇ ਤਿੰਨ ਸਫਾਈ ਕਰਮਚਾਰੀਆਂ ਦਾ 1100-1100 ਦੀ ਰਾਸ਼ੀ ਅਤੇ ਸਰਟੀਫਿਕੇਟ ਨਾਲ ਸਨਮਾਨ ਕੀਤਾ ਗਿਆ। ਇਨਾਂ ਤਿੰਨ ਕਰਮਚਾਰੀਆਂ ਵਿਚ ਤਾਰਾ ਦੇਵੀ, ਸੰਤੋਸ਼ ਅਤੇ ਸੂਰਜ ਭਾਨ ਸ਼ਾਮਲ ਹਨ। ਇਸ ਤੋਂ ਇਲਾਵਾ ਸਫਾਈ ਮੇਟ ਗੁਲਸ਼ਨ ਕੁਮਾਰ ਸਮੇਤ ਹੋਰ ਸਫਾਈ ਮੇਟਜ਼, ਨਗਰ ਕੌਂਸਲ ਦੇ ਸਟਾਫ, ਸੈਨੀਟੇਸ਼ਨ ਸ਼ਾਖਾ ਦੇ ਅਮਲੇ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਘਰਾਂ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖ ਰੱਖ ਕੇ ਸਵੱਛਤਾ ਮੁਹਿੰਮ ਵਿੱਚ ਯੋਗਦਾਨ ਪਾਉਣ ਵਾਲੇ ਸ਼ਹਿਰ ਵਾਸੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀ ਸਵੱਛਤਾ ਮੁਹਿੰਮ ਵਿਚ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਉਮੀਦ ਹੈ ਕਿ ਇਸੇ ਤਰਾਂ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਐਸਡੀਐਮ ਸ੍ਰੀ ਵਾਲੀਆ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਅਤੇ ਸੈਨੀਟੇਸ਼ਨ ਸਟਾਫ ਦੇ ਹੰਭਲੇ ਨਾਲ ਕੂੜਾ ਡੰਪ ਪੁਆਇੰਟ ਸੰਵਾਰੇ ਗਏ ਹਨ, ਜਨਤਕ ਪਖਾਨਿਆਂ ਦੀ ਮੁਰੰਮਤ ਕਰ ਕੇ ਉਨਾਂ ਨੂੰ ਚਲਾਇਆ ਗਿਆ ਹੈ, ਐਮਆਰਐਫ ਸੈਂਟਰ ਚਲਾਇਆ ਗਿਆ ਹੈ ਅਤੇ ਹੋਰ ਸਵੱਛਤਾ ਉਪਰਾਲੇ ਕੀਤੇ ਗਏ ਹਨ। ਉਨਾਂ ਨਗਰ ਕੌਂਸਲ ਦੇ ਸਟਾਫ, ਸੈਨੀਟੇਸ਼ਨ ਅਮਲੇ ਅਤੇ ਸਫਾਈ ਕਰਮਚਾਰੀਆਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਫਾਈ ਕਰਮਚਾਰੀਆਂ ਵੱਲੋਂ ਚਲਾਈ ਜਾ ਰਹੀ ਸਵੱਛਤਾ ਲਹਿਰ ਨੂੰ ਦਰਸਾਉਦੀ ਦਸਤਾਵੇਜ਼ੀ ਫਿਲਮ ਵੀ ਜਾਰੀ ਕੀਤੀ ਗਈ।
ਇਸ ਮੌਕੇ ਕਾਰਜਸਾਧਕ ਅਫਸਰ ਨਗਰ ਕੌਂਸਲ ਬਰਨਾਲਾ ਮਨਪ੍ਰੀਤ ਸਿੰਘ ਸਿੱਧੂ, ਚੀਫ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ, ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ ਤੇ ਦੀਪਕ ਕੁਮਾਰ, ਕਮਿਊਨਿਟੀ ਫੈਸਿਲੀਟੇਟਰ ਪਾਰੁਲ ਗਰਗ, ਹਰਕੇਸ਼ ਕੁਮਾਰ, ਸੁਪਰਡੈਂਟ ਹਰਪ੍ਰੀਤ ਸਿੰਘ, ਗੋਬਿੰਦ ਪਾਲ, ਸਫਾਈ ਕਰਮਚਾਰੀ ਤੇ ਸ਼ਹਿਰ ਵਾਸੀ ਹਾਜ਼ਰ ਸਨ।