ਰੈਸਟੋਰੈਂਟ ਦਾ ਚੱਲਦਾ ਵਪਾਰ ਵੇਚ ਕੇ ਸੁਰਖੁਰੂ ਜਿਹਾ ਹੋ ਗਿਆ ਸੀ। ਮਨ ਵਿੱਚ ਵਿਚਾਰ ਆਇਆ ਕਿ ਚਲੋ ਪੰਜਾਬ ਚਲਦੇ ਹਾਂ । ਬੜੀ ਦੇਰ ਹੋ ਗਈ ਸੀ ਘਰੋਂ ਨਿੱਕਲਿਆ ਨੂੰ। ਸਾਰੇ ਭੈਣਾਂ ਭਰਾਵਾਂ, ਮਾਂ ਪਿਉ, ਯਾਰਾਂ ਦੋਸਤਾਂ ਨੂੰ ਮਿਲਾਂਗੇ। 10 ਸਾਲ ਪਹਿਲਾਂ ਛੱਡਿਆ ਮਾਹੌਲ ਪੈਦਾ ਕਰਾਂਗੇ। ਪੁਰਾਣੀਆਂ ਮਿੱਠੀਆਂ ਯਾਦਾਂ ਤਾਜ਼ਾ ਕਰਾਂਗੇ। ਫ਼ਿਰ ਗੰਨੇ ਦੀ ਰਸ ਵਿੱਚ ਲੱਸੀ ਮਿਲਾ ਕੇ ਪੀਵਾਂਗੇ। ਸਰੋਂ ਦੇ ਸਾਗ ਨਾਲ ਮੱਕੀ ਦੀਆਂ ਰੋਟੀਆਂ, ਚੁੱਲੇ ਵਿੱਚ ਪਾਥੀਆਂ ਦੀ ਅੱਗ ਨਾਲ ਸੇਕ ਸੇਕ ਕੇ ਰਾੜ੍ਹ ਰਾੜ੍ਹ ਕੇ ਖਾਵਾਂਗੇ। ਖੁੱਲੇ ਪੈਸੇ ਕੋਲ ਸੀ, ਸੋਚਿਆ ਪਈ ਯਾਰਾਂ ਨਾਲ ਮਹਿਫ਼ਲਾਂ ਸਜਾਵਾਂਗੇ। ਬਾਪੂ ਨਾਲ ਬੈਠ ਕੇ ਪੈੱਗ ਸ਼ੈੱਗ ਲਾਵਾਂਗੇ, ਜਿਵੇਂ ਕਿਤੇ ਦੁਸਹਿਰੇ, ਵਿਸਾਖੀ, ਲੋਹੜੀ, ਦੀਵਾਲੀ ਵਾਲੇ ਦਿਨ ਲਾਉਂਦੇ ਹੁੰਦੇ ਸੀ। ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ । ਬੱਫ਼ਲੋ ਸ਼ਹਿਰ ਤੋਂ ਦਿੱਲੀ ਏਅਰਪੋਰਟ ਦੀ ਟਿਕਟ ਲਈ। ਪਿੰਡ ਤੋਂ ਮੰਗਾਇਆ ਹੋਇਆ ਚਿੱਟਾ ਕੁੜਤਾ ਪਜਾਮਾ ਤੇ ਲਾਲ ਰੰਗ ਦੀ ਗੁਰਗਾਬੀ ਜੁੱਤੀ ਪਾ ਕੇ ਏਅਰਪੋਰਟ ਤੇ ਆ ਗਿਆ। ਜਹਾਜੇ ਬੈਠੇ ਨੂੰ, ਪੁਰਾਣੀਆਂ ਯਾਦਾਂ ਤੇ ਸੁਪਨਿਆਂ ਨੇ ਘੇਰ ਲਿਆ ਤੇ ਪਤਾ ਵੀ ਨਾ ਲੱਗਾ ਕਿ ਕਦੋਂ ਦਿੱਲੀ ਏਅਰਪੋਰਟ ਆ ਗਿਆ। ਸਮਾਨ ਵਗੈਰਾ ਲੈ ਕੇ ਬਾਹਰ ਆਇਆ ਤਾਂ ਅੱਗੋਂ ਮੇਰੀ ਮਾਂ ਪਿਉ ਤੇ ਭਰਾ ਲੈਣ ਆਏ ਹੋਏ ਸਨ।
ਸਾਰੇ ਜੱਫ਼ੀਆਂ ਪਾ ਕੇ ਮਿਲੇ ਤੇ ਪਿੰਡ ਵੱਲ ਨੂੰ ਚੱਲ ਪਏ। ਰਸਤੇ ਵਿੱਚ ਗੱਡੀ ਰੋਕ ਕੇ ਰੋਟੀ ਖਾਣ ਲੱਗੇ ਤਾਂ ਬਾਪੂ ਕਹਿਣ ਲੱਗਾ ਪੁੱਤ ਦੇਸੀ ਤਾਂ ਮੇਰੇ ਕੋਲ ਪਈ ਆ, ਜੇ ਕੋਈ ਬਾਹਰੋਂ ਲਿਆਇਆ ਤਾਂ ਕੱਢ। ਮੈਂ ਬੋਤਲ ਕੱਢੀ, ਸਾਰਿਆਂ ਮਿਲਕੇ ਦੋ ਦੋ ਹਾੜ੍ਹੇ ਲਾਏ। ਜ਼ਿੰਦਗੀ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਰਸਤੇ ਵਿੱਚ ਆਉਂਦਿਆਂ ਬਾਪੂ ਨੇ ਗੱਲ ਛੇੜ ਲਈ ਕਹਿੰਦਾ ਪੁੱਤ ਤੇਰਾ ਵਿਆਹ ਛੇਤੀ ਕਰ ਦੇਣਾ। ਅਸੀਂ ਕੁੜੀ ਦੇ ਕੇ ਰੱਖੀ ਆ ਜੇ ਤੈਨੂੰ ਪਸੰਦ ਹੋਈ ਤਾਂ ਹਾਂ ਕਹਿ ਦੇਣਾ ਨਹੀਂ ਤਾਂ ਨਾ ਸਹੀ। ਪਿੰਡ ਤੋਂ ਦੋ ਕੁ ਕਿਲੋਮੀਟਰ ਪਿੱਛੇ ਇੱਕ ਖੂਹ ਤੇ ਰੁਕ ਗਏ। ਮੈਨੂੰ ਕਹਿੰਦੇ ਪੁੱਤ ਨਾਲੇ ਤੈਨੂੰ ਕੁੜੀ ਦਿਖਾ ਦਿੰਨੇ ਆਂ ਤੇ ਨਾਲੇ ਹੁਣ ਤੜਕੇ ਜਿਹੇ ਦਾ ਟਾਈਮ ਹੈ ਤੇ ਚਾਹ ਪਾਣੀ ਵੀ ਪੀ ਲਵਾਂਗੇ। ਪੁੱਛਣ ਤੇ ਪਤਾ ਲੱਗਿਆ ਕਿ ਇਹ ਕਿਸੇ ਹੋਰ ਪਿੰਡੋਂ ਉੱਠ ਕੇ ਆਏ ਆ ਤੇ ਜ਼ਮੀਨ ਮੁੱਲ ਲੈ ਕੇ ਇੱਥੇ ਹੀ ਅੱਡਾ ਗੱਡਾ ਬਣਾ ਲਿਆ ਤੇ ਵਧੀਆ ਖੇਤੀ ਕਰਦੇ ਹਨ। ਸਾਰੇ ਜੀਅ ਸੁਭਾਅ ਦੇ ਬਹੁਤ ਚੰਗੇ ਹਨ। ਸਿਆਲਾਂ ਦੇ ਦਿਨ ਸਨ, ਅੰਦਰ ਜਾ ਦੇਖਿਆ ਕਿ ਇੱਕ ਵੱਡੇ ਸਾਰੇ ਘਰ ਵਿੱਚ ਕਈ ਵੱਖ ਵੱਖ ਕਮਰੇ ਸਨ। ਸਿਆਣੇ, ਨਿਆਣੇ, ਜਵਾਨ ਸਾਰੇ ਆਪੋ ਆਪਣੀਆਂ ਰਜਾਈਆਂ ਵਿੱਚ ਲੁਕੇ ਪਏ ਸਨ। ਸਾਡੇ ਆਇਆਂ ਦਾ ਪਤਾ ਲੱਗਣ ਤੇ ਸਾਰੇ ਹੌਲੀ ਹੌਲੀ ਇੱਕ ਕਮਰੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਕੋਈ ਸਿਆਣਾ ਬਜ਼ੁਰਗ ਸਿਰ ਤੇ ਪਿਆਰ ਦੇਈ ਜਾਵੇ ਤੇ ਸਿਆਣੀਆਂ ਮਾਤਾ ਵੀ ਪਿਆਰ ਦੇਈ ਜਾਣ ਤੇ ਕੁਝ ਜਵਾਨ ਮੁੰਡੇ ਕੁੜੀਆਂ ਸਤਿ ਸ੍ਰੀ ਅਕਾਲ ਕਹੀ ਜਾਣ। ਵਿਹੜੇ ਤੋਂ ਬਾਹਰ ਨਿੱਕਲ ਕੇ ਆਲੇ ਦੁਆਲੇ ਦੇਖਿਆ ਤਾਂ ਲਾਗੇ ਵਾਲੇ ਖੂਹਾਂ ਵਾਲਿਆਂ ਦੇ ਨਾਂ ਲੈ ਕੇ ਦੱਸੀ ਜਾਵਾਂ ਪਈ ਆਹ ਗ੍ਰੰਥੀਆਂ ਦਾ ਖੂਹ, ਉਹ ਰੇਰੂ ਵਾਲਿਆਂ ਦਾ, ਉਹ ਬੇਲੀ ਕਾ, ਉਹ ਮਲਵਈਆਂ ਦਾ ਤੇ ਉਹ ਛੁਰੀਮਾਰਾਂ ਦਾ। ਸਾਰੇ ਕਹਿਣ ਅੰਬੇ ਤੇਰੀ ਯਾਦਆਸ਼ਤ ਬੜੀ ਤੇਜ਼ ਆ। ਮੈਂ ਕਿਹਾ ਜਿਸ ਪਿੰਡ ਵਿੱਚ ਜਨਮ ਲਿਆ ਉਹਦੇ ਰਾਹ, ਗਲ਼ੀਆਂ ਤੇ ਖੂਹ ਭੁੱਲ ਥੋੜੀ ਜਾਂਦੇ ਨੇ। ਪਰਦੇਸੀਆਂ ਨੂੰ ਹਰ ਵੇਲੇ ਸੁਪਨੇ ਹੀ ਇਹਨਾਂ ਦੇ ਆਉਂਦੇ ਨੇ।
ਇੱਕ ਪਤਲੀ ਜਿਹੀ, ਸਾਂਵਲੇ ਰੰਗ ਦੀ ਕੁੜੀ ਅੰਦਰੋਂ ਬਾਹਰ ਆਈ। ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਮੇਰੀ ਮਾਂ ਦੇ ਪੈਰੀਂ ਹੱਥ ਲਾਕੇ, ਜੱਫੀ ਪਾ ਕੇ ਮੇਰੀ ਮਾਂ ਨਾਲ ਗੱਲਾਂ ਕਰਨ ਲੱਗ ਪਈ। ਹਲਕੇ ਨੀਲੇ ਰੰਗ ਦਾ ਸੂਟ, ਗਲਾ ਕਢਾਈ ਵਾਲਾ, ਨੱਕ ਵਿੱਚ ਕੋਕਾ ਤੇ ਮੇਰੀ ਮਾਂ ਨਾਲ ਹੱਸ ਹੱਸ ਕੇ ਗੱਲਾਂ ਕਰੇ। ਹੱਸਦੀ ਦੇ ਗੱਲ੍ਹਾਂ ਵਿੱਚ ਟੋਏ ਪੈਣ। ਕੋਈ ਫੈਸ਼ਨ ਨਹੀਂ, ਮੇਕਅੱਪ ਨਹੀਂ, ਬਿਲਕੁਲ ਸਾਦੀ ਜਿਹੀ ਤੇ ਸਾਦਾ ਲਿਬਾਸ। ਕੋਲ ਉਹਨੇ ਨਿੱਕਾ ਜਿਹਾ ਬੱਚਾ ਚੁੱਕਿਆ ਹੋਇਆ। ਮੈਂ ਬੱਚੇ ਨੂੰ ਪਿਆਰ ਨਾਲ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ ਤੇ ਪੁੱਛਿਆ ਪੁੱਤ ਤੇਰਾ ਨਾਂ ਕੀ ਆ ? ਬੱਚੇ ਦੇ ਦੱਸਣ ਤੋਂ ਪਹਿਲਾਂ ਹੀ ਉਹ ਕੁੜੀ ਬੋਲ ਪਈ, ਕਹਿੰਦੀ ਇਹ ਮੇਰਾ ਭਤੀਜਾ ਤੇ ਨਾਂ ਇਹਦਾ ਕਲਬੀਰ ਤੇ ਮੇਰਾ ਨਾਂ ਹੈ ਜੀ ਮਨਧੀਰ। ਮੈਂ ਦਿਲ ਵਿੱਚ ਕਿਹਾ ਜਿਸ ਤਰ੍ਹਾਂ ਦੀ ਸੋਹਣੀ ਕੁੜੀ ਤੇ ਨਾ ਵੀ ਸੋਹਣਾ। ਇਨੇ ਨੂੰ ਮੇਰੀ ਮਾਂ ਕਹਿੰਦੀ ਇਹੋ ਹੀ ਆ ਮੇਰੀ ਹੋਣ ਵਾਲੀ ਨੂੰਹ ਪਸੰਦ ਹੈ ? ਮੈਂ ਕੋਈ ਜਵਾਬ ਨਾ ਦਿੱਤਾ ਹੁਣ ਨਾਂਹ ਕਿਵੇਂ ਕਰ ਸਕਦਾ ਹਾਂ ਮੇਰੀ ਮਾਂ ਖਰੇ ਵਿਚਾਰੀ ਨੂੰ ਕਿੰਨੇ ਚਿਰ ਤੋਂ ਲਾਰੇ ਲਾ ਰੱਖੇ ਸਨ ਤੇ ਮਨਧੀਰ ਸ਼ਰਮਾਉਂਦੀ ਹੋਈ ਉੱਠ ਕੇ ਰਸੋਈ ਵਿੱਚ ਚਲੇ ਗਈ ਤੇ ਸਾਡੇ ਲਈ ਚਾਹ ਤੇ ਬਰਫ਼ੀ ਲੈ ਕੇ ਆ ਗਈ। ਅਸੀਂ ਸਾਰਿਆਂ ਹੱਸਦਿਆਂ ਗੱਲਾਂ ਕਰਦਿਆਂ ਚਾਹ ਦੇ ਕੱਪ ਚੁੱਕ ਲਏ। ਮੈਂ ਕੱਪ ਚੋਂ ਇੱਕ ਚੁਸਕੀ ਲਈ ਤੇ ਬਰਫ਼ੀ ਦੀ ਟੁਕੜੀ ਚੁੱਕ ਕੇ ਮੂੰਹ ਵਿੱਚ ਪਾਉਣ ਹੀ ਲੱਗਾ ਸੀ ਕਿ ਮੇਰੀ ਜਨਾਨੀ ਨੇ ਝੰਜੋੜ ਕੇ ਹਲੂਣਾ ਦਿੱਤਾ ਤੇ ਕਹਿੰਦੀ ਉੱਠਣਾ ਨਹੀਂ, ਤੇਰੇ ਕੰਮ ਦਾ ਟਾਈਮ ਹੋ ਗਿਆ! ਵਾਹ ਨੀ ਮੇਰੀਏ ਮਾੜੀਏ ਤਕਦੀਰੇ, ਬਰਫ਼ੀ ਤਾਂ ਖਾ ਲੈਣ ਦਿੰਦੀ! ਸੁਪਨਾ ਸੀ ਟੁੱਟ ਗਿਆ, ਕਹਿੰਦੀ ਮੈਂ ਖਿਲ਼ਾਵਾਂ ਤੈਨੂੰ ਬਰਫੀ ? ਸ਼ੂਗਰ ਦੇਖੀ ਆ ਆਪਣੀ ? ਮੈਂ ਕਿਹਾ ਭਾਗਵਾਨੇ ਸੁਪਨਾ ਦੇਖ ਰਿਹਾ ਸੀ, ਕਹਿੰਦੀ ਕੌਣ ਸੀ ? ਮੈਂ ਕਿਹਾ ਉਹੀ ਮਨਧੀਰ ਜਿਹੜੀ ਮੈਨੂੰ 40 ਸਾਲ ਪਹਿਲਾਂ ਛੱਡ ਗਈ ਸੀ, ਪਰ ਅਜੇ ਵੀ ਮੇਰਾ ਖਹਿੜਾ ਨਹੀਂ ਛੱਡਦੀ! ਯਾਦਾਂ ਵਿੱਚ, ਸੁਪਨਿਆਂ ਵਿੱਚ! (ਮੇਰੀ ਹੱਡਬੀਤੀ ਕਹਾਣੀ ਚੋਂ)
ਅਮਰਜੀਤ ਚੀਮਾਂ🖋
+1716908-3631