ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਮੁਲਾਂਕਣਕਰਤਾ ਅਧਿਆਪਕਾਂ ਨੂੰ ਆਪਣੀ ਵੈਬਸਾਈਟ ਰਾਹੀਂ ਉੱਤਰ ਪੱਤਰੀਆਂ ਦੇ ਰੋਲ਼ ਨੰਬਰ ਵਿਖਾਉਣ ਦੀ ਸਹੂਲਤ ਪ੍ਰਦਾਨ ਕੀਤੀ ਹੈ ਜਿਸ ਨਾਲ਼ ਜਿੱਥੇ ਇੱਕ ਪਾਸੇ ਉੱਤਰ ਪੱਤਰੀਆਂ ਦੀ ਚੈਕਿੰਗ ਦੇ ਕਾਰਜ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ ਉੱਥੇ ਹੀ ਦੂਜੇ ਪਾਸੇ ਕੁੱਝ ਤਕਨੀਕੀ ਗ਼ਲਤੀਆਂ ਦੀ ਗੁੰਜਾਇਸ਼ ਵੀ ਘੱਟ ਹੋ ਜਾਣੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਜਿਹਾ ਕਰ ਕੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਇਹ ਪਹਿਲਕਦਮੀ ਕਰਨ ਵਾਲ਼ੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਪ੍ਰਕਿਰਿਆ ਨੂੰ ਹਰੀ ਝੰਡੀ ਦੇ ਦਿੱਤੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ਼ ਪੰਜਾਬੀ ਯੂਨੀਵਰਸਿਟੀ ਸੂਬੇ ਦੀਆਂ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਪਹਿਲੀ ਯੂਨੀਵਰਸਿਟੀ ਬਣ ਗਈ ਹੈ ਜਿਸ ਨੇ ਆਪਣੇ ਮੁਲਾਂਕਣ ਕਰਤਾ ਅਧਿਆਪਕਾਂ ਨੂੰ ਇਹ ਸਹੂਲਤ ਦੇਣ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਇਸ ਮੌਕੇ ਇਹ ਵੀ ਹਦਾਇਤ ਕੀਤੀ ਕਿ ਅੱਗੇ ਤੋਂ ਮੁਲਾਂਕਣਕਾਰਾਂ ਦੇ ਅਦਾਇਗੀ ਸੰਬੰਧੀ ਬਿਲਾਂ ਦੀ ਗਣਨਾ ਵੀ ਆਪਣੇ ਆਪ ਇਸ ਪ੍ਰਕਿਰਿਆ ਰਾਹੀਂ ਸੰਭਵ ਬਣਾਈ ਜਾਵੇ ਤਾਂ ਕਿ ਅਦਾਇਗੀ ਦਾ ਕੰਮ ਸੁਖਾਲ਼ਾ ਹੋ ਜਾਵੇ ਅਤੇ ਗ਼ਲਤੀ ਦੀ ਗੁੰਜਾਇਸ਼ ਘੱਟ ਹੋ ਜਾਵੇ। ਅਜਿਹਾ ਹੋਣ ਨਾਲ਼ ਉਨ੍ਹਾਂ ਦਾ ਭੁਗਤਾਨ ਵੀ ਸਮੇਂ ਸਿਰ ਹੋ ਸਕੇਗਾ।
ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਵਿਸ਼ਾਲ ਗੋਇਲ ਨੇ ਦੱਸਿਆ ਕਿ ਹਰੇਕ ਸਮੈਸਟਰ ਵਿੱਚ ਤਕਰੀਬਨ ਢਾਈ ਲੱਖ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ ਜਿਨ੍ਹਾਂ ਦਾ ਮੁਲਾਂਕਣ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਵੱਲੋਂ ਕੀਤਾ ਜਾਂਦਾ ਹੈ। ਪਹਿਲਾਂ ਅਧਿਆਪਕਾਂ ਵੱਲੋਂ ਉਨ੍ਹਾਂ ਨੂੰ ਭੇਜੀਆਂ ਜਾਣ ਵਾਲ਼ੀਆਂ ਉੱਤਰ ਕਾਪੀਆਂ ਦੇ ਮੁਲਾਂਕਣ ਤੋਂ ਬਾਅਦ ਅਵਾਰਡ ਸੂਚੀਆਂ ਉੱਤੇ ਹੱਥ ਨਾਲ਼ ਅੰਕਾਂ ਨੂੰ ਭਰਨਾ ਪੈਂਦਾ ਸੀ। ਫਿਰ ਕੰਪਿਊਟਰ ਉਤੇ ਅੰਕ ਭਰਨ ਦੀ ਸੁਵਿਧਾ ਪ੍ਰਦਾਨ ਕਰ ਦਿੱਤੀ ਗਈ। ਹੁਣ ਇਸ ਪੱਖ ਨੂੰ ਹੋਰ ਅੱਗੇ ਲੈ ਕੇ ਜਾਂਦੇ ਹੋਏ, ਪੰਜਾਬੀ ਯੂਨੀਵਰਸਿਟੀ ਦੇ ਮੁਲਾਂਕਣ ਕਰਨ ਵਾਲੇ ਅਧਿਆਪਕਾਂ ਦਾ ਕੰਮ ਹੋਰ ਸੁਖਾਲ਼ਾ ਕਰ ਦਿੱਤਾ ਹੈ। ਹੁਣ ਉਨ੍ਹਾਂ ਨੂੰ ਉੱਤਰ ਕਾਪੀਆਂ ਦੇ ਰੋਲ਼ ਨੰਬਰ ਵਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੋਣ ਨਾਲ਼ ਉਨ੍ਹਾਂ ਨੂੰ ਸਿਰਫ਼ ਉੱਤਰ ਕਾਪੀਆਂ ਚੈੱਕ ਕਰਨ ਉਪਰੰਤ ਅੰਤ ਵਿੱਚ ਅੰਕ ਹੀ ਟਾਈਪ ਕਰਨੇ ਪੈਣਗੇ। ਅਜਿਹਾ ਹੋਣ ਨਾਲ਼ ਉਨ੍ਹਾਂ ਨੂੰ ਆਪਣਾ ਕਾਰਜ ਕਰਨ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦੀ ਘੜੀ ਇਹ ਪ੍ਰੋਜੈਕਟ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ। ਇਸ ਲਈ ਸ਼ੁਰੂਆਤੀ ਪੜਾਅ ਉੱਤੇ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਪਰ ਹੌਲੀ ਹੌਲੀ ਇਸ ਪ੍ਰਕਿਰਿਆ ਨੂੰ ਬਿਹਤਰ ਬਣਾ ਲਿਆ ਜਾਵੇਗਾ। ਪ੍ਰੀਖਿਆ ਸ਼ਾਖਾ ਤੋਂ ਦਲਬੀਰ ਸਿੰਘ, ਸੁਖਵਿੰਦਰ ਸਿੰਘ ਅਤੇ ਨਰਿੰਦਰ ਗਾਂਧੀ ਦੀ ਟੀਮ ਨੇ ਇਸ ਕਾਰਜ ਨੂੰ ਪੂਰਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਸਹਾਇਕ ਰਜਿਸਟਰਾਰ ਵਰਿੰਦਰ ਕੁਮਾਰ ਅਤੇ ਸੀਕਰੇਸੀ ਸ਼ਾਖਾ ਤੋਂ ਕਰਮਚਾਰੀ ਰਮਨ ਕੁਮਾਰ ਦਾ ਇਸ ਪੱਖੋਂ ਵਿਸ਼ੇਸ਼ ਸਹਿਯੋਗ ਰਿਹਾ। ਇਸ ਪ੍ਰਕਿਰਿਆ ਨੂੰ ਆਰੰਭ ਕਰਨ ਦੀ ਰਸਮ ਮੌਕੇ ਵਧੀਕ ਕੰਟਰੋਲਰ ਧਰਮਪਾਲ ਗਰਗ, ਡਿਪਟੀ ਕੰਟਰੋਲਰ ਡਾ. ਬਾਲ ਕ੍ਰਿਸ਼ਨ ਅਤੇ ਡਿਪਟੀ ਕੰਟਰੋਲਰ ਡਾ. ਹਰਜਿੰਦਰ ਸਿੰਘ ਹਾਜ਼ਰ ਸਨ।