ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਦੀ ਜਿਣਸ ਦੀ ਖ਼ਰੀਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਜ਼ਿਲ੍ਹੇ 'ਚ 424 ਖ਼ਰੀਦ ਕੇਂਦਰ ਬਣਾਏ ਗਏ ਹਨ, ਜਿਥੇ ਆਉਣ ਵਾਲੀ ਕਣਕ ਦੀ ਨਾਲੋਂ ਨਾਲ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਜਿਣਸ ਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ 'ਚ ਪਾਉਣ ਦਾ ਕੰਮ ਨਿਰੰਤਰ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਪਹਿਲਾਂ ਸਥਾਪਤ 110 ਮੰਡੀਆਂ ਤੋਂ ਇਲਾਵਾ 314 ਹੋਰ ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਥੇ ਆਉਣ ਵਾਲੀ ਕਣਕ ਦੀ ਨਾਲੋਂ ਨਾਲ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਆਈ 95 ਫ਼ੀਸਦੀ ਕਣਕ ਖ਼ਰੀਦੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਇਸ ਵਾਰ ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਅਦਾਇਗੀ ਸਿੱਧੇ ਤੌਰ 'ਤੇ ਕਿਸਾਨਾਂ ਦੀ ਖਾਤਿਆਂ 'ਚ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਕਿਸਾਨਾਂ ਦੀ ਜਿਣਸ ਦੀ ਅਦਾਇਗੀ ਦਾ ਕੰਮ ਵੀ ਨਿਰੰਤਰ ਜਾਰੀ ਹੈ ਅਤੇ ਇਸ ਕੰਮ 'ਚ ਹੋਰ ਤੇਜ਼ੀ ਵੀ ਲਿਆਂਦੀ ਜਾ ਰਹੀ ਹੈ।
ਸਿੱਧੇ ਖਾਤੇ 'ਚ ਜਿਣਸ ਦੀ ਅਦਾਇਗੀ ਤੋਂ ਬਾਅਦ ਕਿਸਾਨ ਅਮਰਿੰਦਰ ਸਿੰਘ ਨੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਸ ਵੱਲੋਂ ਸਮਾਣਾ ਅਨਾਜ ਮੰਡੀ 'ਚ ਆਪਣੀ ਕਣਕ ਲਿਆਂਦੀ ਗਈ ਸੀ ਜੋ ਉਸੇ ਦਿਨ ਪਨਗਰੇਨ ਵੱਲੋਂ ਖ਼ਰੀਦ ਲਈ ਗਈ ਅਤੇ ਤੀਜੇ ਦਿਨ ਜਿਣਸ ਦੀ ਸਿੱਧੀ ਅਦਾਇਗੀ ਉਨ੍ਹਾਂ ਦਾ ਖਾਤੇ 'ਚ ਆ ਗਈ।
ਇਸੇ ਤਰ੍ਹਾਂ ਪਿੰਡ ਕੋਟਲਾ ਦੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਫ਼ਸਲ 11 ਅਪ੍ਰੈਲ ਨੂੰ ਲਿਆਂਦੀ ਗਈ ਸੀ, ਉਸਦੀ ਅਦਾਇਗੀ ਸਿੱਧੇ ਖਾਤੇ 'ਚ 13 ਅਪ੍ਰੈਲ ਨੂੰ ਹੋ ਗਈ ਅਤੇ ਜੋ 12 ਅਪ੍ਰੈਲ ਨੂੰ ਫਸਲ ਵੇਚੀ ਗਈ ਉਸਦੇ ਪੈਸੇ 17 ਅਪ੍ਰੈਲ ਨੂੰ ਮੇਰੇ ਖਾਤੇ 'ਚ ਆ ਗਏ। ਉਨ੍ਹਾਂ ਸਰਕਾਰ ਵੱਲੋਂ ਮੰਡੀਆਂ 'ਚ ਕੀਤੇ ਗਏ ਪ੍ਰਬੰਧਾਂ, ਖ਼ਰੀਦ ਪ੍ਰਕਿਰਿਆ ਅਤੇ ਸਿੱਧੀ ਅਦਾਇਗੀ ਲਈ ਸਰਕਾਰ ਵੱਲੋਂ ਚੁੱਕੇ ਉਸਾਰੂ ਕਦਮਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਕੀਤੇ ਗਏ ਅਜਿਹੇ ਪੁਖ਼ਤਾ ਪ੍ਰਬੰਧ ਸਦਕਾ ਹੀ ਕਿਸਾਨਾਂ ਨੂੰ ਮੰਡੀਆਂ 'ਚ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।