ਜੈਪੁਰ : ਦੇਸ਼ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਜਿਸ ਦੀ ਵੱਖੋ ਵੱਖ ਸੂਬਿਆਂ ਵਿੱਚ ਵੱਖੋ ਵੱਖਰੀ ਸਥਿਤੀ ਬਣੀ ਹੋਈ ਹੈ ਜਿਸ ਦੇ ਚਲਦਿਆਂ ਰਾਜਸਥਾਨ ਸਰਕਾਰ ਨੇ ਸੂਬੇ ਵਿੱਚ 15 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ। ਰਾਜਸਥਾਨ ਸਰਕਾਰ ਨੇ ਸੂਬੇ ਵਿੱਚ 10,000 ਦੇ ਕਰੀਬ ਕਰੋਨਾ ਦੀ ਲਾਗ ਦੇ ਮਾਮਲਿਆਂ ਦੇ ਮਿਲਣ ਤੋਂ ਬਾਅਦ ਲਿਆ ਹੈ। ਸਰਕਾਰ ਨੇ ਲਾਕਡਾਊਨ ਵਿਚ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਰਾਜਸਥਾਨ ਵਿਚ ਸਰਕਾਰ ਵੱਲੋਂ ਸਨਿੱਚਰਵਾਰ ਅਤੇ ਐਤਵਾਰ ਦੇ ਲਾਕਡਾਊਨ ਦਾ ਐਲਾਨ ਕੀਤਾ ਹੋਇਆ ਸੀ ਪਰ ਇਕ ਦਮ ਵੱਡੀ ਗਿਣਤੀ ਵਿੱਚ ਕਰੋਨਾ ਦੇ ਮਾਮਲੇ ਸਾਹਮਣੇ ਆਉਣ ਕਾਰਨ ਸਰਕਾਰ ਵੱਲੋਂ ਤੁਰਤ 15 ਦਿਨ ਦੇ ਲਾਕਡਾਊਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਕਾਰਨ ਲੋਕਾਂ ਦੇ ਜ਼ਰੂਰੀ ਕੰਮ ਵਿਚਾਲੇ ਹੀ ਰਹਿ ਗਏ ਹਨ।
ਸਰਕਾਰ ਵੱਲੋਂ ਐਲਾਨੇ ਗਏ ਲਾਕਡਾਊਨ ਵਿੱਚ ਖਾਣ ਪੀਣ ਦੇ ਸਮਾਨ, ਡੇਅਰੀ, ਕਰਿਆਨਾ, ਮੰਡੀਆਂ ਫ਼ਲ ਸਬਜ਼ੀਆਂ ਨਾਲ ਸਬੰਧਤ ਦੁਕਾਨਾਂ ਸ਼ਾਮ 5 ਵਜੇ ਤੱਕ ਖੁੱਲ੍ਹਣਗੀਆਂ। ਸਰਕਾਰ ਵੱਲੋਂ ਇਨ੍ਹਾਂ ਦੁਕਾਨਦਾਰਾਂ ਨੂੰ ਘਰ ਘਰ ਸਮਾਨ ਪਹੁੰਚਾਉਣ ਦੇ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਰੇਹੜੀ ਵਾਲੇ ਸਬਜ਼ੀਆਂ 7 ਵਜੇ ਤੱਕ ਵੇਚ ਸਕਣਗੇ ਅਤੇ ਪਟਰੋਲ ਪੰਪ ਵਾਲੇ 8 ਵਜੇ ਤੱਕ ਪੰਪ ਖੋਲ੍ਹ ਸਕਣਗੇ। ਬਸ ਸੇਵਾਵਾਂ ਚਾਲੂ ਰਹਿਣਗੀਆਂ। ਜ਼ਰੂਰੀ ਸੇਵਾਵਾਂ ਨਾਲ ਸਬੰਧਤ ਦਫ਼ਤਰਾਂ ਤੋਂ ਇਲਾਵਾ ਬਾਕੀ ਸਾਰੇ ਦਫ਼ਤਰਾਂ ਨੂੰ ਬੰਦ ਕੀਤਾ ਗਿਆ ਹੈ। ਪਿੰਡਾਂ ਵਿਚ ਮਨਰੇਗਾ, ਨਰੇਗਾ ਦਾ ਕੰਮ ਜਾਰੀ ਰਹੇਗਾ ਅਤੇ ਫ਼ੈਕਟਰੀਆਂ ਜਾਂ ਮੈਨੂਫ਼ੈਕਚਰਿੰਗ ਨਾਲ ਸਬੰਧਤ ਫ਼ੈਕਟਰੀਆਂ ਵਿੱਚ ਕੰਮ ਚਲਦਾ ਰਹੇਗਾ।
ਇਸ ਤੋਂ ਇਲਾਵਾ ਸਰਕਾਰ ਨੇ ਸ਼ਾਪਿੰਗ ਮਾਲਜ਼, ਸਿਨੇਮਾਘਰ, ਧਾਰਮਕ ਸਥਾਨ, ਸਕੂਲ, ਕਾਲਜ, ਲਾਇਬੇ੍ਰਰੀਆਂ, ਮੇਲੇ, ਜਲਸਿਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਇਕੱਠਾ ਨਹੀਂ ਕੀਤਾ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਦਿੱਲੀ ਸਰਕਾਰ ਨੇ ਅੱਜ ਰਾਤ 10 ਵਜੇ ਤੋਂ ਲੈ ਕੇ 26 ਅਪ੍ਰੈਲ ਦੀ ਸਵੇਰ 5 ਵਜੇ ਤੱਕ ਲਾਕਡਾਊਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨਾਲ ਹੋਈ ਇਕ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ ਹੈ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਦੇਸ਼ ਵਿਚ ਕਰੋਨਾ ਦੇ ਐਕਟਿਵ ਮਾਮਲਿਆਂ ਦੀ 20 ਲੱਖ ਦੇ ਕਰੀਬ ਅੱਪੜ ਚੁਕੀ ਹੈ। ਮਾਹਿਰਾਂ ਵੱਲੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਜਿਸ ਰਫ਼ਤਾਰ ਨਾਲ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ ਇਸ ਤੋਂ ਲਗਦਾ ਹੈ ਕਿ ਸ਼ਾਮ ਤੱਕ ਇਹ ਗਿਣਤੀ 20 ਲੱਖ ਨੂੰ ਟੱਪ ਜਾਵੇਗੀ।