ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨਾਲ਼ ਸੰਬੰਧਿਤ ਵਿਸ਼ੇ ਉੱਤੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਮਾਹਿਰਾਂ ਵੱਲੋਂ ਨੌਜਵਾਨਾਂ ਵਿੱਚ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲ਼ੇ ਵਿਵਹਾਰ ਦੇ ਹਵਾਲੇ ਨਾਲ਼ ਗੱਲ ਕਰਦਿਆਂ ਆਪਸੀ ਸਿਹਤਮੰਦ ਸਮਾਜਿਕ ਸਾਂਝ ਦਾ ਨੁਕਤਾ ਵਾਰ-ਵਾਰ ਉਭਾਰਿਆ ਗਿਆ।
ਐੱਮ. ਡੀ. ਯੂਨੀਵਰਸਿਟੀ ਰੋਹਤਕ ਤੋਂ ਪਹੁੰਚੇ ਮਨੋਵਿਗਿਆਨ ਮਾਹਰ ਡਾ. ਪ੍ਰੋਮਿਲਾ ਬਤਰਾ ਨੇ ਇਸ ਮੌਕੇ ਆਪਣੇ ਅਨੁਭਵ ਅਤੇ ਅਧਿਐਨ ਦੇ ਅਧਾਰ ਉੱਤੇ ਵਿਦਿਆਰਥੀਆਂ ਨਾਲ਼ ਬਹੁਤ ਸਾਰੇ ਅਜਿਹੇ ਨੁਕਤੇ ਸਾਂਝੇ ਕੀਤੇ ਜਿਨ੍ਹਾਂ ਦੀ ਮਦਦ ਨਾਲ਼ ਉਹ ਆਪਣੀ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਸਾਨੂੰ ਹੋਰਨਾਂ ਦਾ ਵਿਵਹਾਰ ਬਦਲਣ ਦੀਆਂ ਕੋਸ਼ਿਸ਼ਾਂ ਕਰਨ ਦੀ ਬਜਾਏ ਆਪਣੇ ਆਪ ਨੂੰ ਇਸ ਤਰੀਕੇ ਨਾਲ਼ ਤਿਆਰ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਹਾਰ ਤੋਂ ਗ਼ਲਤ ਤਰੀਕੇ ਨਾਲ਼ ਅਸਰਅੰਦਾਜ਼ ਨਾ ਹੋਈਏ।
ਦੂਜੇ ਮਾਹਿਰ ਡਾ. ਸਤਿਯਨ ਸ਼ਰਮਾ ਨੇ ਕਿਹਾ ਕਿ ਚੰਗੇ ਲੋਕਾਂ ਨਾਲ਼ ਰਾਬਤੇ ਅਤੇ ਰਿਸ਼ਤੇ ਵਿੱਚ ਰਹਿਣਾ ਮਾਨਸਿਕ ਸਿਹਤ ਨਾਲ਼ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਹਾਰਵਰਡ ਯੂਨੀਵਰਸਿਟੀ, ਯੂ.ਕੇ., ਵੱਲੋਂ ਕੀਤੇ 85 ਸਾਲ ਲੰਬੇ ਅਧਿਐਨ ਨੇ ਇਹ ਸਪਸ਼ਟ ਕੀਤਾ ਹੈ ਕਿ ਵਧੇਰੇ ਖੁਸ਼ ਰਹਿਣ ਵਾਲ਼ੇ ਲੋਕ ਉਹ ਹੁੰਦੇ ਹਨ ਜੋ ਚੰਗੇ ਅਤੇ ਭਰੋਸੇਯੋਗ ਰਿਸ਼ਤੇ ਵਿੱਚ ਬੱਝੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਅਸੀਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਦੌਰ ਵਿੱਚ ਰਹਿ ਰਹੇ ਹਾਂ ਤਾਂ ਸਮਾਜ ਵਿੱਚ ਇੱਕ ਦੂਸਰੇ ਦਾ ਸਹਿਯੋਗ ਕਰਨਾ ਬਹੁਤ ਜ਼ਰੂਰੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਮਾਨਸਿਕ ਸਮੱਸਿਆਵਾਂ ਦੇ ਬਹੁਤ ਸਾਰੇ ਕਾਰਨ ਮਨੁੱਖ ਦੇ ਬੁਨਿਆਦੀ ਸੁਭਾਅ ਅਤੇ ਮਨੁੱਖਤਾ ਦੇ ਇਤਿਹਾਸ ਨਾਲ ਜੋੜ ਕੇ ਪੜਚੋਲੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪਿਛਲੇ 10 ਲੱਖ ਸਾਲ ਦਾ ਮਨੁੱਖੀ ਇਤਿਹਾਸ ਵੇਖਿਆ ਜਾਵੇ ਤਾਂ ਮਨੁੱਖ ਇੱਕ ਸਮੂਹ ਵਿੱਚ ਰਹਿਣ ਵਿਚਰਨ ਵਾਲ਼ਾ ਜੀਵ ਰਿਹਾ ਹੈ।
ਗੁਫ਼ਾਵਾਂ ਵਿੱਚ ਵਾਸ ਕਰਨ ਤੋਂ ਲੈ ਕੇ ਭੋਜਨ ਲਈ ਸ਼ਿਕਾਰ ਕਰਨ ਜਿਹੀਆਂ ਸਾਰੀਆਂ ਗਤੀਵਿਧੀਆਂ ਮਨੁੱਖ ਸਮੂਹ ਵਿੱਚ ਹੀ ਕਰਦਾ ਸੀ ਪਰ ਅੱਜ ਦਾ ਮਨੁੱਖ ਨਿੱਜਤਾ ਅਤੇ ਇਕੱਲਤਾ ਨੂੰ ਤਰਜੀਹ ਦੇਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਇਸ ਤਰ੍ਹਾਂ ਜੀਵਨ ਸ਼ੈਲੀ ਦੀ ਤਬਦੀਲੀ ਨਾਲ ਜੁੜੀਆਂ ਹੋਈਆਂ ਹਨ। ਪ੍ਰੋਗਰਾਮ ਦੇ ਸੰਚਾਲਨ ਦੌਰਾਨ ਡਾ.ਨੈਨਾ ਸ਼ਰਮਾ ਅਤੇ ਡਾ. ਰੂਬੀ ਗੁਪਤਾ ਨੇ ਵੀ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਅਹਿਮ ਟਿੱਪਣੀਆਂ ਕੀਤੀਆਂ। ਧੰਨਵਾਦੀ ਸ਼ਬਦ ਡੀਨ ਵਿਦਿਆਰਥੀ ਭਲਾਈ ਡਾ. ਹਰਵਿੰਦਰ ਕੌਰ ਨੇ ਬੋਲੇ।