ਪਟਿਆਲਾ : ਗਣਤੰਤਰ ਦਿਵਸ ਦੇ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗਰਾਊਂਡ, ਪਟਿਆਲਾ ਵਿਖੇ 26 ਜਨਵਰੀ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਲਈ ਸਮਾਰੋਹ ਵਾਲੇ ਸਥਾਨ ਵਿੱਚ ਦਾਖਲੇ ਲਈ ਪੁਲਿਸ ਵੱਲੋਂ ਵੱਖ-ਵੱਖ ਗੇਟਾਂ ਤੇ ਪਾਰਕਿੰਗ ਦਾ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਸ਼ਾਸਨ ਦੇ ਬੁਲਾਰੇ ਨੇ ਦੱਸਿਆ ਕਿ ਸੈਂਟਰਲ ਬਲਾਕ ਤੇ ਮੁੱਖ ਮੰਚ ਉਤੇ ਬੈਠਣ ਵਾਲੀਆਂ ਵਿਸ਼ੇਸ਼ ਸ਼ਖ਼ਸੀਅਤਾਂ ਲਈ ਦਾਖਲਾ ਗੇਟ ਨੰਬਰ 1 ਅਤੇ 2 ਤੋਂ ਹੋਵੇਗਾ। ਮੀਡੀਆ ਦਾ ਦਾਖਲਾ ਗੇਟ ਨੰਬਰ 3 ਤੋਂ ਹੋਵੇਗਾ, ਪੱਤਰਕਾਰ ਸਮਾਗਮ ਵਾਲੀ ਥਾਂ 'ਤੇ ਪੋਲੋ ਗਰਾਊਂਡ ਵਿਖੇ ਮੋਦੀ ਕਾਲਜ ਤੋਂ ਹੁੰਦੇ ਹੋਏ ਵਾਈ.ਪੀ.ਐਸ. ਚੌਂਕ ਤੋਂ ਹੋਕੇ ਗੇਟ ਨੰਬਰ 3 ਤੱਕ ਜਾਣਗੇ ਅਤੇ ਪਾਰਕਿੰਗ ਵੀ ਇਸੇ ਗੇਟ ਤੋਂ ਅੱਗੇ ਜਾ ਕੇ ਸਾਈ ਹੋਸਟਲ ਦੇ ਅੱਗੇ ਹੋਵੇਗੀ।
ਸੁਤੰਤਰਤਾ ਸੰਗਰਾਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਨਮਾਨ ਲੈਣ ਵਾਲੀਆਂ ਸ਼ਖ਼ਸੀਅਤਾਂ ਅਤੇ ਲਾਭਪਾਤਰੀਆਂ ਦਾ ਦਾਖਲਾ ਗੇਟ ਨੰਬਰ 6 ਤੋਂ ਜਿਮਨੇਜੀਅਮ ਹਾਲ ਵਾਲੇ ਪਾਸੇ ਤੋਂ ਹੋਵੇਗਾ ਅਤੇ ਇਨ੍ਹਾਂ ਦੇ ਵਹੀਕਲਾਂ ਦੀ ਪਾਰਕਿੰਗ ਵੀ ਜਿਮਨੇਜੀਅਮ ਹਾਲ ਨੇੜੇ ਹੋਵੇਗੀ। ਇਸ ਤੋਂ ਬਿਨ੍ਹਾਂ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੇ ਹੋਰਨਾਂ ਸਮੇਤ ਆਮ ਦਰਸ਼ਕਾਂ ਦਾ ਦਾਖਲਾ ਲੋਅਰ ਮਾਲ ਰੋਡ 'ਤੇ ਗੇਟ ਨੰਬਰ 5 ਤੋਂ ਹੋਵੇਗਾ ਅਤੇ ਇਨ੍ਹਾਂ ਦੀ ਪਾਰਕਿੰਗ ਸਾਈਂ ਮਾਰਕੀਟ ਵਾਲੀ ਦੀਵਾਰ ਦੇ ਨਾਲ ਹੋਵੇਗੀ।