ਸੁਨਾਮ : ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੰਗਰੂਰ ਜ਼ਿਲ੍ਹਾ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਵੱਲੋਂ ਅਮਨ ਅਰੋੜਾ ਦੀ ਸਜ਼ਾ 'ਤੇ ਰੋਕ ਲਾਉਣ ਦੀ ਖ਼ਬਰ ਮਿਲਦਿਆਂ ਹੀ ਸੁਨਾਮ 'ਚ ਉਨ੍ਹਾਂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਕਈ ਥਾਵਾਂ ’ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ। ਦੂਜੇ ਪਾਸੇ ਰਜਿੰਦਰ ਦੀਪਾ ਨੇ ਅਮਨ ਅਰੋੜਾ ਦੇ ਸਮਰਥਕਾਂ ਵੱਲੋਂ ਮਨਾਏ ਜਾ ਰਹੇ ਜਸ਼ਨ ਦਾ ਮਜ਼ਾਕ ਉਡਾਇਆ ਹੈ। ਦੂਜੇ ਪਾਸੇ ਮੁਕੱਦਮੇ ਦੀ ਧਿਰ ਰਾਜਿੰਦਰ ਦੀਪਾ ਨੇ ਦੱਸਿਆ ਕਿ ਮਾਣਯੋਗ ਜ਼ਿਲ੍ਹਾ ਅਦਾਲਤ ਵਿੱਚ ਬਹਿਸ ਲੰਬੀ ਚੱਲੀ ਅਤੇ ਬਹਿਸ ਦੌਰਾਨ ਦੋਵਾਂ ਧਿਰਾਂ ਵੱਲੋਂ ਲੰਮੀਆਂ ਦਲੀਲਾਂ ਦਿੱਤੀਆਂ ਗਈਆਂ।
ਜਿਸ 'ਤੇ ਅਦਾਲਤ ਨੇ ਇਸ ਦਾ ਬਾਰੀਕੀ ਨਾਲ ਅਧਿਐਨ ਕਰਨਾ ਹੈ ਅਤੇ ਇਸੇ ਲਈ 31 ਜਨਵਰੀ ਤੱਕ ਪਾਬੰਦੀ ਲਗਾਈ ਗਈ ਹੈ। ਦੀਪਾ ਨੇ ਕਿਹਾ ਕਿ ਹਾਲ ਦੀ ਘੜੀ ਜਸ਼ਨ ਮਨਾਉਣ ਵਾਲੀ ਕੋਈ ਗੱਲ ਨਹੀਂ ਹੈ। ਅਦਾਲਤ ਵੱਲੋਂ 31 ਜਨਵਰੀ ਨੂੰ ਫੈਸਲਾ ਸੁਣਾਇਆ ਜਾਵੇਗਾ। ਅਦਾਲਤ ਦੇ ਫੈਸਲੇ ਤੋਂ ਬਾਅਦ ਸੁਨਾਮ ਪਹੁੰਚਣ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਰਾਹਤ ਲਈ ਪ੍ਰਮਾਤਮਾ ਅਤੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।ਇਸ ਤੋਂ ਬਾਅਦ ਅਮਨ ਅਰੋੜਾ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਜਿੱਥੇ ਉਹ ਗਣਤੰਤਰ ਦਿਵਸ ਸਮਾਰੋਹ ਦੇ ਮੁੱਖ ਮਹਿਮਾਨ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਤੇ ਲੱਡੂ ਵੰਡਣ ਮੌਕੇ ਲਾਭ ਸਿੰਘ ਨੀਲੋਵਾਲ, ਠੇਕੇਦਾਰ ਨਰਿੰਦਰ ਸਿੰਘ ਕਣਕਵਾਲ, ਸਾਹਿਬ ਸਿੰਘ, ਅਸ਼ੀਸ਼ ਜੈਨ ਤੇ ਹੋਰ ਸਮਰਥਕ ਹਾਜ਼ਰ ਸਨ।