ਪਟਨਾ : ਬਿਹਾਰ ਵਿੱਚ ਇੰਨੀ ਦਿਨੀਂ ਸਿਆਸੀ ਹਲਚਲ ਬਹੁਤ ਤੇਜ਼ ਚੱਲ ਰਹੀ ਹੈ। ਇਨ੍ਹਾਂ ਦੇ ਚਲਦਿਆਂ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਹੈ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਵਜੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਰਾਜ ਭਵਨ ਪਹੁੰਚ ਕੇ ਆਪਣਾ ਅਸਤੀਫ਼ਾ ਰਾਜਪਾਲ ਰਾਜਿੰਦਰ ਅਰਲੇਕਰ ਨੂੰ ਸੌਂਪ ਦਿੱਤਾ ਹੈ। ਪ੍ਰਾਪਤ ਹੋਈਆਂ ਰਿਪੋਰਟਾਂ ਅਨੁਸਾਰ ਨਿਤੀਸ਼ ਕੁਮਾਰ ਅਸਤੀਫ਼ਾ ਦੇਣ ਤੋਂ ਮਗਰੋਂ ਭਾਜਪਾ ਨਾਲ ਗਠਜੋੜ ਵਿੱਚ ਨਵੀਂ ਸਰਕਾਰ ਬਣਾਉਣਗੇ ਅਤੇ 9ਵੀਂ ਵਾਰ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕਣਗੇ। ਇਹ ਜਾਣਕਾਰੀ ਮਿਲੀ ਹੈ ਕਿ ਅਸਤੀਫ਼ਾ ਦੇਣ ਤੋਂ ਪਹਿਲਾਂ ਸੀ.ਐਮ. ਦੀ ਰਿਹਾਇਸ਼ ’ਤੇ ਜੇ.ਡੀ.ਯੂ. ਵਿਧਾਇਕ ਦਲ ਦੀ ਬੈਠਕ ਹੋਈ ਸੀ ਜਿਸ ਵਿੱਚ ਸਾਰੇ ਵਿਧਾਇਕਾਂ ਨੂੰ ਐਨ.ਡੀ.ਏ. ਵਿੱਚ ਵਾਪਸੀ ਬਾਰੇ ਦਸਿਆ ਗਿਆ ਸੀ। ਇਹ ਵੀ ਦੱਸੀਏ ਕਿ ਨਿਤੀਸ਼ ਕੁਮਾਰ ਦੇ ਅਸਤੀਫ਼ਾ ਦੇਣ ਨਾਲ ਗਠਜੋੜ ਵਾਲੀ 17 ਮਹੀਨੇ ਦੀ ਸਰਕਾਰ ਦਾ ਹੁਣ ਅੰਤ ਹੋ ਗਿਆ ਹੈ।