ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਚੇਅਰ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ‘ਸਿੱਖ ਚਿੰਤਨ ਦੇ ਮੌਜੂਦਾ ਰੁਝਾਨ’ ਵਿਸ਼ੇ ਉੱਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਹ ਪ੍ਰੋਗਰਾਮ ਗੁਰ ਗਿਆਨ ਇੰਸਟੀਚੂਟ ਫ਼ਾਰ ਹਿਊਮਨ ਕਨਸਰਨ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਸੈਮੀਨਾਰ ਵਿੱਚ ਕੁੱਲ ਨੌ ਪਰਚੇ ਪੜ੍ਹੇ ਗਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਤੋਂ ਸਾਬਕਾ ਡੀਨ ਭਾਸ਼ਾਵਾਂ ਅਤੇ ਪ੍ਰੋਫ਼ੈਸਰ ਧਰਮ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਿੱਖ ਸਿਧਾਂਤ ਬਾਰੇ ਗੱਲ ਕਰਦਿਆਂ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਏ ਸਾਰੇ ਪੇਪਰਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਸਿੱਖ ਵਿਦਵਾਨਾਂ ਦੇ ਅਪ੍ਰਕਾਸਿ਼ਤ ਪੇਪਰਾਂ ਅਤੇ ਲਿਖਤਾਂ ਨੂੰ ਇਕੱਠੇ ਕਰ ਕੇ ਪ੍ਰਕਾਸਿ਼ਤ ਕਰਵਾਉਣ ਬਾਰੇ ਸੁਝਾਇਆ ਤਾਂ ਜੋ ਇਨ੍ਹਾਂ ਲਿਖਤਾਂ ਨੂੰ ਪੜ੍ਹ ਕੇ ਸਿੱਖ ਅਧਿਐਨ ਦੇ ਮੌਜੂਦਾ ਰੁਝਾਨ ਸੰਬੰਧੀ ਸਵਾਲਾਂ ਨੂੰ ਹੱਲ ਕਰਨਾ ਸੌਖਾ ਹੋਵੇ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆਂ ਚਿੰਤਨ ਅਤੇ ਸਿੱਖ ਚਿੰਤਨ ਦੇ ਇਤਿਹਾਸ ਦੇ ਹਵਾਲੇ ਨਾਲ਼ ਕੀਤੀ।
ਉਨ੍ਹਾਂ ਸਿੱਖ ਚਿੰਤਨ ਦੇ ਸਰੂਪ ਅਤੇ ਇਸ ਉੱਤੇ ਪੈਣ ਵਾਲ਼ੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਧਾਰਮਿਕ ਖੇਤਰ ਦੇ ਚਿੰਤਨ ਦੀਆਂ ਆਪਣੀਆਂ ਵਿਸ਼ੇਸ਼ ਕਿਸਮ ਦੀਆਂ ਲੋੜਾਂ ਹੁੰਦੀਆਂ ਹਨ ਕਿਉਂ ਕਿ ਇਸ ਦੇ ਅਧੀਨ ਦੁਨਿਆਵੀ ਵਿਸਿ਼ਆਂ ਦੀ ਬਜਾਇ ਅਧਿਆਤਮਿਕ ਖੇਤਰਾਂ ਬਾਰੇ ਵਿਚਾਰ ਚਰਚਾ ਕਰਨੀ ਹੁੰਦੀ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਅੱਜ ਦੇ ਦੌਰ ਵਿੱਚ ਸਿੱਖ ਚਿੰਤਨ ਉੱਤੇ ਖੁੱਲ੍ਹ ਕੇ ਗੱਲ ਕਰਨ ਦੀ ਲੋੜ ਹੈ। ਸਾਨੂੰ ਜਾਣਨਾ ਚਾਹੀਦਾ ਹੈ ਕਿ ਪਹਿਲਾਂ ਦੇ ਮੁਕਾਬਲੇ ਸਿੱਖ ਚਿੰਤਨ ਵਿੱਚ ਹੁਣ ਕਿਹੋ ਜਿਹੀਆਂ ਤਬਦੀਲੀਆਂ ਆਈਆਂ ਹਨ।
ਉਨ੍ਹਾਂ ਕੁੱਝ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਉਹ ਉਮੀਦ ਕਰਨਗੇ ਕਿ ਸਿੱਖ ਚਿੰਤਨ ਅਤੇ ਸਿੱਖ ਪਰੰਪਰਾ ਦੇ ਆਪਸੀ ਸੰਬੰਧਾਂ ਨੂੰ ਅਧਾਰ ਬਣਾ ਕੇ ਵੀ ਗੱਲਬਾਤ ਕੀਤੀ ਜਾਵੇ। ਉਨ੍ਹਾਂ ‘ਜਪੁਜੀ ਸਾਹਿਬ ਜੀ’ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਸਿੱਖ ਸਿਧਾਂਤ ਹਰ ਤਰ੍ਹਾਂ ਦੇ ਕੂੜ ਦੀ ਕੰਧ ਨੂੰ ਸਾਫ਼ ਕਰਨ ਦਾ ਨਾਮ ਹੈ। ਸਵਾਗਤੀ ਸ਼ਬਦ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਪੇਸ਼ ਕੀਤੇ। ਉਨ੍ਹਾਂ ਡਾ. ਤਾਰਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ ਬਾਰੇ ਖੋਜ ਪੱਤਰ ਵੀ ਪੜ੍ਹਿਆ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਕੀਤਾ। ਉਨ੍ਹਾਂ ਖੋਜ ਪੱਤਰ ਵੀ ਪੜ੍ਹਿਆ। ਪਰਚਾ ਲੇਖਕਾਂ ਵਿੱਚ ਤਜਿੰਦਰਪਾਲ ਸਿੰਘ, ਵਿਕਰਮਜੀਤ ਸਿੰਘ, ਡਾ. ਪਲਵਿੰਦਰ ਕੌਰ,ਰਵਿੰਦਰ ਸਿੰਘ, ਹਰਮੀਤ ਸਿੰਘ ਅਤੇ ਰੇਸ਼ਮ ਸਿੰਘ ਸ਼ਾਮਿਲ ਸਨ। ਸੈਮੀਨਾਰ ਵਿੱਚ ਡਾ. ਸੁਖਦਿਆਲ ਸਿੰਘ, ਡਾ. ਸ਼ੁਭਕਰਨ ਸਿੰਘ ਖਮਾਣੋਂ ਅਤੇ ਡਾ. ਗੁਰਵੀਰ ਸਿੰਘ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ।